July 8, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਸਿੱਖ ਫੈਡਰੇਸ਼ਨ ਯੂ.ਕੇ. ਨੇ ਲਿਖਤੀ ਬਿਆਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਦੇ ਨੁਮਾਇੰਦਿਆਂ ਨੇ ਨੀਦਰਲੈਂਡ, ਜਰਮਨ ਅਤੇ ਬੈਲਜੀਅਮ ਦੀ ਯਾਤਰਾ ਕੁਝ ਦਿਨ ਪਹਿਲਾਂ ਕੀਤੀ ਸੀ ਅਤੇ ਉਥੋਂ ਦੇ ਸਿੱਖ ਪ੍ਰਤੀਨਿਧੀਆਂ ਅਤੇ ਸਿੱਖ ਸੰਗਤਾਂ ਨਾਲ ਮੁਲਾਕਾਤਾਂ ਕੀਤੀਆਂ ਸਨ, ਇਸ ਮੌਕੇ ਫਰਾਂਸ ਦੇ ਪ੍ਰਤੀਨਿਧ ਵੀ ਹਾਜ਼ਰ ਸਨ।
ਰਿਲੀਜ਼ ਵਿਚ ਦੱਸਿਆ, “ਯੂ.ਕੇ. ਵਲੋਂ ਯੂਰੋਪੀਅਨ ਯੂਨੀਅਨ ਨੂੰ ਛੱਡਣ ਦੇ ਫੈਸਲੇ ਤੋਂ ਬਾਅਦ ਯੂਰੋਪ ਦੀ ਮੁੱਖ ਭੂਮੀ ਦੇ ਸਿੱਖਾਂ ਨੇ ਡੂੰਘੇ ਖਦਸ਼ਿਆਂ ਦਾ ਇਜ਼ਹਾਰ ਕੀਤਾ ਕਿ ਇਸਦਾ ਅਸਰ ਯੂਰੋਪ ਦੀ ਮੁੱਖ ਭੂਮੀ ਵਿਚ ਵਸੇ ਸਿੱਖਾਂ ਦੇ ਹੱਕਾਂ ‘ਤੇ ਪੈਣ ਦੇ ਆਸਾਰ ਹਨ”।
ਬਿਆਨ ਮੁਤਾਬਕ ਸਿੱਖ ਫੈਡਰੇਸ਼ਨ ਨੇ ਦੱਸਿਆ ਕਿ ਉਹ ਸਿੱਖ ਮੁੱਦਿਆਂ ਨੂੰ ਉਭਾਰਨ ਲਈ ਪਿਛਲੇ ਇਕ ਦਹਾਕੇ ਤੋਂ ਕੰਮ ਕਰ ਰਹੇ ਹਨ। ਸਿੱਖ ਫੈਡਰੇਸ਼ਨ ਨੇ ਪਹਿਲੇ ਦਿਨ ਤੋਂ ਹੀ ਇਹ ਚਿੰਤਾ ਜਾਹਰ ਕਰ ਦਿੱਤੀ ਸੀ ਕਿ ਯੂ.ਕੇ. ਵਲੋਂ ਯੂਰੋਪੀਅਨ ਯੂਨੀਅਨ ਨੂੰ ਛੱਡਣ ਤੋਂ ਬਾਅਦ ਸਾਰੇ ਯੂਰੋਪ ਵਿਚ ਸਿੱਖਾਂ ਲਈ ਨਵੇਂ ਅਤੇ ਹੋਰ ਵੱਡੇ ਮਸਲੇ ਪੈਦਾ ਹੋਣਗੇ।
ਦੂਜੇ ਪਾਸੇ ਕੁਝ ਨਾਮ ਨਿਹਾਦ ਆਗੂ, ਜਿਨ੍ਹਾਂ ਕੋਲ ਵੱਡੇ-ਵੱਡੇ ਪਲੈਨ ਅਤੇ ਵਾਅਦੇ ਤਾਂ ਹਨ ਪਰ ਉਨ੍ਹਾਂ ਦੀ ਕੋਈ ਕਾਰਗੁਜ਼ਾਰੀ ਨਹੀਂ। ਅਜਿਹੇ ਆਗੂਆਂ ਨੇ ਯੂਰੋਪ ਦੇ ਸਿੱਖਾਂ ਵਿਚ ਆਪਣੀ ਸਾਖ ਗਵਾ ਲਈ ਹੈ। ਉਨ੍ਹਾਂ ਦਾ ਨਾਂ ਨਰਿੰਦਰ ਮੋਦੀ ਨਾਲ ਮੀਟਿੰਗਾਂ ਵਿਚ ਵੀ ਆਇਆ। ਬਿਆਨ ਵਿਚ ਅੱਗੇ ਕਿਹਾ ਗਿਆ ਕਿ ਅਸੀਂ ਉਨ੍ਹਾਂ ਦੀਆਂ ਸ਼ਕਲਾਂ ਯੂਰੋਪ ਵਿਚ ਦੇਖਣੀਆਂ ਚਾਹੁੰਦੇ ਹਾਂ, ਜਦੋਂ ਉਹ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨਗੇ।
ਇਸ ਖ਼ਬਰ ਨੂੰ ਅੰਗਰੇਜ਼ੀ ਵਿਚ ਪੜ੍ਹਨ ਲਈ: http://bit.ly/29sElxx
Related Topics: Sikh Federation UK, Sikh News Europe, Sikhs in Europe, Sikhs in United Kingdom