November 5, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੰਗ ਕਰ ਰਹੇ ਸਿੱਖਾਂ ਨੂੰ ਕੱਲ੍ਹ (4 ਨਵੰਬਰ, 2017) ਉਤਰਾਖੰਡ ਸਰਕਾਰ ਵੱਲੋਂ ਹਰਿਦੁਆਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਕੁਝ ਸਿੱਖਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਹ ਸਿੱਖ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਕਾਨਫਰੰਸ ਦੇ ਆਗੂ ਗੁਰਚਰਨ ਸਿੰਘ ਬੱਬਰ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ 4 ਨਵੰਬਰ, 2017 ਨੂੰ ਗੁਰਪੁਰਬ ਮਨਾਉਣ ਲਈ ਹਰਿਦੁਆਰ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਤੋਂ ਦੇਹਰਾਦੂਨ ਰਸਤੇ ਹਰਿਦੁਆਰ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹਰਿਦੁਆਰ ਨੇੜਲੇ ਪਿੰਡਾਂ ਵਿੱਚੋਂ ਕੁਝ ਸਿੱਖਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਸਿੱਖਾਂ ਵਿੱਚ ਸੂਬਾ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਦੋਵੇਂ ਵਾਸੀ ਪਿੰਡ ਦਿਨਾਰਪੁਰ, ਸਤਵਿੰਦਰ ਸਿੰਘ ਤੇ ਜੋਗਾ ਸਿੰਘ ਦੋਵੇਂ ਵਾਸੀ ਪਿੰਡ ਐਥਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਬੀਤੀ ਰਾਤ ਘਰਾਂ ਵਿੱਚੋਂ ਅਚਨਚੇਤੀ ਚੁੱਕ ਲਿਆ ਗਿਆ ਸੀ ਅਤੇ ਅੱਜ (4 ਨਵੰਬਰ, 2017) ਮੈਜਿਸਟਰੇਟ ਅੱਗੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗੁਰਪੁਰਬ ਮੌਕੇ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਉਨ੍ਹਾਂ ਨਿਖੇਧੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖਾਂ ਨੂੰ ਹਰਿਦੁਆਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੇ ਰਸਤਿਆਂ ’ਤੇ ਨਾਕੇ ਲਾਏ ਹੋਏ ਹਨ ਅਤੇ ਸਿੱਖਾਂ ਨੂੰ ਰੋਕਿਆ ਗਿਆ ਹੈ, ਜਿਨ੍ਹਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਕੁਝ ਸਿੱਖ ਹਰਿਦੁਆਰ ਪੁੱਜ ਗਏ ਹਨ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਰਿ ਕੀ ਪਉੜੀ ਵਿਖੇ ਉਤਰਾਖੰਡ ਪੁਲਿਸ ਵੱਲੋਂ ਵੱਡੀ ਤਾਦਾਦ ‘ਚ ਪੁਲਿਸ ਫੋਰਸ ਲਾਈ ਹੋਈ ਸੀ।
ਪਿੰਡ ਐਥਲ ਦੇ ਸਿੱਖ ਆਗੂ ਚੰਚਲ ਸਿੰਘ ਨੇ ਵੀ ਆਪਣੇ ਚਾਰ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ 4 ਨਵੰਬਰ, 2017 ਨੂੰ ਇਨ੍ਹਾਂ ਨੂੰ ਮਿਲਣ ਲਈ ਗਏ ਸਨ ਪਰ ਮਿਲਣ ਨਹੀਂ ਦਿੱਤਾ ਗਿਆ। ਪਹਿਲਾਂ ਤਾਂ ਪੁਲਿਸ ਵੱਲੋਂ ਹਰਿਦੁਆਰ ਜਾਣ ਤੋਂ ਰੋਕਣ ਲਈ ਕੁਝ ਘੰਟਿਆਂ ਵਾਸਤੇ ਹੀ ਹਿਰਾਸਤ ਵਿੱਚ ਰੱਖਿਆ ਜਾਂਦਾ ਸੀ ਪਰ ਇਸ ਵਾਰ ਕੇਸ ਦਰਜ ਕਰਕੇ ਸਿੱਖ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਬੱਬਰ ਵੱਲੋਂ ਇਸ ਸਬੰਧ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਨਾਂ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਗਈ ਸੀ ਕਿ ਉਤਰਾਖੰਡ ਪੁਲਿਸ ਵੱਲੋਂ ਸਿੱਖਾਂ ਨਾਲ ਵਧੀਕੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਬਰੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਤਿੰਨ ਨਵੰਬਰ ਨੂੰ ਭੇਜੇ ਇਸ ਪੱਤਰ ਵਿੱਚ ਅਪੀਲ ਕੀਤੀ ਸੀ ਕਿ ਸਿੱਖਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਵਿਖੇ ਜਾ ਕੇ ਗੁਰਪੁਰਬ ਮਨਾਉਣ ਦੀ ਆਗਿਆ ਦਿੱਤੀ ਜਾਵੇ।
ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਸਰਨਾ ਅਤੇ ਹੋਰਨਾਂ ਨੇ ਵੀ ਉਤਰਾਖੰਡ ਪੁਲਿਸ ਵੱਲੋਂ ਸਿੱਖਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਹੀ ਵੇਰਵੇ ਮਿਲਣ ਮਗਰੋਂ ਹੀ ਇਸ ਸਬੰਧੀ ਗਿਆਨੀ ਗੁਰਬਚਨ ਸਿੰਘ ਕੁਝ ਕਹਿਣਗੇ।
ਸਬੰਧਤ ਖ਼ਬਰ:
ਗੁ: ਗਿਆਨ ਗੋਦੜੀ ਦੀ ਅਜ਼ਾਦੀ: ਸ਼੍ਰੋਮਣੀ ਕਮੇਟੀ ਦੀ ਕਾਰਵਾਈ ਸਬ-ਕਮੇਟੀਆਂ ਬਣਾਉਣ ਤਕ ਹੀ ਸੀਮਤ …
Related Topics: DSGMC, Gurcharan Singh Babbar, Gurduara Gian Godri Hariduar, Hariduar, Shiromani Gurdwara Parbandhak Committee (SGPC), Sikhs in Uttarakhand, Uttarakhand