September 12, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ਹਿਰ ਵਿਚ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਬੀਬੀਆਂ ਲਈ ਹੈਲਮੱਟ ਦੀ ਵਰਤੋ ਜਰੂਰੀ ਕਰ ਦਿੱਤੀ ਗਈ ਹੈ ਪਰ ਇਸ ਫੈਸਲੇ ਵਿਚ ਪ੍ਰਸਾਸ਼ਨ ਨੇ ਸਿੱਖ ਬੀਬੀਆਂ ਨੂੰ ਹੈਲਮੱਟ ਦੀ ਰਿਆਇਤ ਸਿਰਫ਼ ਦੁਮਾਲਾ ਸਜਾਉਣ ’ਤੇ ਹੀ ਦਿੱਤੀ ਗਈ ਹੈ। ਬੀਤੇ ਕੁਝ ਦਿਨਾਂ ਵਿਚ ਸਿੱਖ ਜਥੇਬੰਦੀਆਂ ਵਲੋਂ ਚੰਡੀਗੜ੍ਹ ਪ੍ਰਸਾਸ਼ਨ ਦੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਪਰ ਪ੍ਰਸਾਸ਼ਨ ਆਪਣੇ ਫੈਸਲੇ ’ਤੇ ਅੜਿਆ ਹੋੁਇਆ ਹੈ ਅਤੇ ਚੰਡੀਗੜ੍ਹ ਪੁਲਿਸ ਚਲਾਨ ਕੱਟਣ ਵਿਚ ਰੁਝ ਗਈ ਹੈ।
ਸਿੱਖ ਜਥੇਬੰਦੀਆਂ ਵਲੋ ਇਸ ਫੈਸਲੇ ਦਾ ਵਿਰੋਧ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਬੀਬੀਆਂ ਦੇ ਨਾਮ ਪਿਛੇ ਕੌਰ ਲੱਗਿਆ ਹੋਇਆ ਹੈ ਉਸ ਨੂੰ ਹੈਲਮੱਟ ਪਾਉਣ ਤੋਂ ਛੋਟ ਮਿਲਣੀ ਚਾਹੀਦੀ ਹੈ ਕਿਉਕਿ ਸਿੱਖ ਧਰਮ ਵਿਚ ਟੋਪੀ ਪਾਉਣ ਦੀ ਮਨਾਹੀ ਹੈ ਅਤੇ ਹੈਲਮੱਟ ਦੀ ਵਰਤੋ ਕਰਨਾ ਵੀ ਸਿੱਖੀ ਦੇ ਖਿਲਾਫ਼ ਹੈ। ਪਰ ਇਸ ਦੇ ਬਾਵਜੂਦ ਬੀਤੀ 5 ਸਤੰਬਰ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਬੀਬੀਆਂ ਦੇ ਹੈਲਮੱਟ ਦੀ ਵਰਤੋ ਨਾ ਕਰਨ ’ਤੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
ਪਹਿਲੇ ਦਿਨ ਸਿੱਖ ਜਥੇਬੰੰਦੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਇਕ ਵਾਰ ਜਿਥੇ 10 ਦਿਨ ਤੱਕ ਚਲਾਨ ਨਾ ਕੱਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਕੁਝ ਘੰਟਿਆਂ ਬਾਅਦ ਹੀ ਪ੍ਰਸਾਸ਼ਨ ਨੇ ਉਸ ਤੋਂ ਵੀ ਕਿਨਾਰਾ ਕਰ ਲਿਆ। ਹਾਲੇ ਤੱਕ ਚੰਡੀਗੜ੍ਹ ਵਿਚ ਕਿਸੇ ਵੀ ਸਿੱਖ ਜਥੇਬੰਦੀ ਵਲੋਂ ਇਨ੍ਹਾ ਤਿਖਾ ਸੰਘਰਸ਼ ਨਹੀ ਕੀਤਾ ਗਿਆ ਹੈ ਕਿ ਪ੍ਰਸਾਸ਼ਨ ਨੂੰ ਆਪਣੇ ਇਸ ਫੈਸਲੇ ਬਾਰੇ ਵਿਚਾਰ ਕਰਨਾ ਪੈ ਜਾਵੇ। ਅਕਾਲੀ ਦੱਲ ਵਲੋਂ ਵੀ ਸ਼ਹਿਰ ਵਿਚ ਇਸ ਫੈਸਲੇ ਖਿਲਾਫ਼ ਪ੍ਰਦਰਸ਼ਨ ਕੀਤੇ ਗਏ ਹਨ ਪਰ ਉਨ੍ਹਾ ਦਾ ਅਸਰ ਪ੍ਰਸਾਸ਼ਨ ‘ਤੇ ਨਹੀ ਹੋ ਸਕਿਆ।
ਪ੍ਰਸਾਸ਼ਨ ਵਲੋ ਲਏ ਗਏ ਇਸ ਫੈਸਲੇ ਵਿਚ ਇਹ ਸਾਫ ਲਿਿਖਆ ਗਿਆ ਹੈ ਕਿ ਦੁਮਾਲਾ ਸਜਾਉਣ ਵਾਲੀਆਂ ਸਿੱਖ ਬੀਬੀਆਂ ਨੂੰ ਹੀ ਹੈਲਮੱਟ ਦੀ ਵਰਤੋ ਨਾ ਕਰਨ ਦੀ ਛੋਟ ਹੈ ਜਦਕਿ ਬਾਕੀ ਸਭ ਬੀਬੀਆਂ ਨੂੰ ਸ਼ਹਿਰ ਵਿਚ ਦੋ ਪਹੀਆਂ ਵਾਹਨ ਚਲਾਉਂਦੇ ਹੋਏ ਹੈਲਮੱਟ ਦੀ ਵਰਤੋ ਕਰਨਾ ਜਰੂਰੀ ਰਹੇਗਾ। 5 ਸਤੰਬਰ ਨੂੰ ਇਸ ਫੈਲਸੇ ਖਿਲਾਫ਼ ਸੈਕਟਰ 34 ਦੇ ਗੁਰਦੁਆਰਾ ਸਾਹਿਬ ਤੋਂ ਸਿੱਖ ਜਥੇਬੰਦੀਆਂ ਨੇ ਅਰਦਾਸ ਕਰਕੇ ਚੰਡੀਗੜ੍ਹ ਪ੍ਰਸਾਸਕ ਦੀ ਰਿਹਾਇਸ਼ ਵੱਲ ਕੂਚ ਕੀਤਾ ਸੀ ਤਾ ਜੋ ਇਸ ਫੈਸਲੇ ਦੇ ਖਿਲਾਫ਼ ਕੋਈ ਕਾਰਵਾਈ ਹੋ ਸਕੇ ਪਰ ਰਸਤੇ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ। ਪ੍ਰਦਰਸ਼ਨ ਕਾਰੀਆਂ ਵਲੋ ‘ਸਿਰ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਜੈਕਾਰੇ ਵੀ ਲਗਾਏ ਗਏ। ਇਸ ਫੈਸਲੇ ਦੇ ਲਾਗੂ ਹੋਣ ਦੇ ਇਕ ਹਫ਼ਤਾ ਬਾਅਦ ਤੱਕ ਸਿੱਖ ਜਥੇਬੰਦੀਆਂ ਦੀ ਕਿਸੇ ਗੱਲ ਨੂੰ ਚੰਡੀਗੜ੍ਹ ਪ੍ਰਸਾਸ਼ਨ ਨੇ ਸਵੀਕਾਰ ਨਹੀ ਕੀਤਾ ਹੈ।
Related Topics: Chandigarh Notification, Helmat Issue in Chandighar, Sikh News