ਸਿੱਖ ਖਬਰਾਂ

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ 21 ਸਾਲ ਬਾਅਦ 21 ਦਿਨਾਂ ਦੀ ਛੁੱਟੀ ‘ਤੇ ਰਿਹਾਅ ਹੋਏ

April 24, 2016 | By

ਅੰਮ੍ਰਿਤਸਰ: ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 21 ਸਾਲ ਬਾਅਦ 21 ਦਿਨਾਂ ਵਾਸਤੇ ਅੱਜ ਪੈਰੋਲ ’ਤੇ ਰਿਹਾਅ ਹੋ ਗਏ ਹਨ। ਰਿਹਾਅ ਹੋਣ ਤੋਂ ਬਾਅਦ ਪ੍ਰੋ. ਭੁੱਲਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਅੱਜ ਸ਼ਾਮ ਨੂੰ ਜੇਲ੍ਹ ਵਿਭਾਗ ਵੱਲੋਂ ਉਸ ਦੀ ਪੈਰੋਲ ’ਤੇ ਰਿਹਾਈ ਸਬੰਧੀ ਹੁਕਮ ਦਿੱਤੇ ਗਏ ਅਤੇ ਮਗਰੋਂ ਉਸ ਦੀ ਪਤਨੀ ਨਵਨੀਤ ਕੌਰ ਉਸ ਨੂੰ ਹਸਪਤਾਲ ਤੋਂ ਘਰ ਲੈ ਗਈ।

ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰੋ. ਭੁੱਲਰ ਨੂੰ ਚੰਗੇ ਕਿਰਦਾਰ ਤੇ ਚਾਲ ਚਲਣ ਦੇ ਆਧਾਰ ’ਤੇ 21 ਦਿਨਾਂ ਵਾਸਤੇ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਮੁਕੰਮਲ ਪ੍ਰਵਾਨਗੀ ਮਿਲਣ ਮਗਰੋਂ ਬੀਬੀ ਨਵਨੀਤ ਕੌਰ ਤੇ ਹੋਰ ਜਣੇ ਪ੍ਰੋ. ਭੁੱਲਰ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਘਰਲੈ ਗਏ। ਘਰ ਲਿਜਾਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਹੋਰਨਾਂ ਵੱਲੋਂ ਪ੍ਰੋ. ਭੁੱਲਰ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਰਿਹਾਈ ਦੀ ਵਧਾਈ ਦਿੱਤੀ ਗਈ। ਬੀਬੀ ਨਵਨੀਤ ਕੌਰ ਨੇ ਪਤੀ ਦੀ ਪੈਰੋਲ ’ਤੇ ਮਿਲੀ ਰਿਹਾਈ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਆਖਿਆ ਕਿ ਘਰ ਦਾ ਬਿਹਤਰ ਮਾਹੌਲ ਮਿਲਣ ਨਾਲ ਉਹ ਜਲਦੀ ਸਿਹਤਯਾਬ ਹੋ ਸਕਣਗੇ।

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਨੂੰ 11 ਸਤੰਬਰ 1993 ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਉਪਰ ਬੰਬ ਧਮਾਕਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਮਲੇ ’ਚ 9 ਵਿਅਕਤੀ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਉਸ ਨੂੰ ਜਰਮਨੀ ਤੋਂ ਭਾਰਤ ਵਾਪਸ ਲਿਆਂਦਾ ਗਿਆ ਸੀ ਅਤੇ ਅਦਾਲਤ ਵੱਲੋਂ 2001 ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਦੀ ਖ਼ਰਾਬ ਹੁੰਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਸੁਪਰੀਮ ਕੋਰਟ ਨੇ 31 ਮਾਰਚ 2014 ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।

ਪ੍ਰੋ. ਭੁੱਲਰ ਨੂੰ ਪਿਛਲੇ ਸਾਲ 12 ਜੂਨ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ।ਮਗਰੋਂ ਉਸ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਥੇ ਉਸ ਨੂੰ ਇਲਾਜ ਵਾਸਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮਨੋਰੋਗ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ। ਵਾਰਡ ਦੇ ਮੁਖੀ ਡਾ. ਪੀ ਡੀ ਗਰਗ ਨੇ ਦੱਸਿਆ ਕਿ ਪ੍ਰੋ. ਭੁੱਲਰ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਅਤੇ ਘਰ ਵਰਗਾ ਮਾਹੌਲ ਮਿਲਣ ਨਾਲ ਉਹ ਹੋਰ ਜਲਦੀ ਤੰਦਰੁਸਤ ਹੋਵੇਗਾ।

ਪ੍ਰੋ. ਭੁੱਲਰ ਦੇ ਕੇਸ ਦੀ ਪੈਰਵੀ ਕਰ ਰਹੇ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਸ ਦੀ ਪੈਰੋਲ ’ਤੇ ਰਿਹਾਈ ਵਾਸਤੇ ਅੱਜ ਸਵੇਰੇ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਸੀ। ਪਿਛਲੇ ਦਿਨੀਂ ਬਟਾਲਾ ਕੇਸ ਵਿੱਚ ਵੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ ਜਦੋਂ ਕਿ ਯੂਪੀ ’ਚ ਦਰਜ ਇਕ ਹੋਰ ਮਾਮਲੇ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਵੱਲੋਂ 42 ਦਿਨ ਵਾਸਤੇ ਪੈਰੋਲ ’ਤੇ ਰਿਹਾਈ ਮੰਗੀ ਗਈ ਸੀ ਪਰ 21 ਦਿਨਾਂ ਦੀ ਰਿਹਾਈ ਮਨਜ਼ੂਰ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,