September 13, 2017 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਪਟਿਆਲਾ ਦੇ ਐਡੀਸ਼ਨ ਸੈਸ਼ਨਜ਼ ਜੱਜ ਰਵਦੀਪ ਸਿੰਘ ਹੁੰਦਲ ਨੇ ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਐਫ.ਆਈ.ਆਰ. ਨੰ: 17/2010 ਅਧੀਨ ਧਾਰਾ 3/4/5 ਧਮਾਕਾਖੇਜ਼ ਸਮੱਗਰੀ ਐਕਟ, 25 ਅਸਲਾ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 11, 13, 16, 17, 18, 20, ਥਾਣਾ ਸਦਰ, ਨਾਭਾ ਦੇ ਕੇਸ ਵਿਚੋਂ ਬਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਬਾਬਾ ਬਖਸ਼ੀਸ਼ ਸਿੰਘ, ਜਸਵੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਕੀਕਤ ਰਾਏ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ‘ਭਗੌੜਾ’ ਕਰਾਰ ਦਿੱਤਾ ਗਿਆ ਸੀ। ਬਾਅਦ ਵਿਚ ਬਾਬਾ ਬਖਸ਼ੀਸ਼ ਸਿੰਘ ਤੇ ਹਕੀਕਤ ਰਾਏ ਇਸ ਕੇਸ ਵਿਚੋਂ ਬਰੀ ਹੋਏ ਅਤੇ ਜਸਵੀਰ ਸਿੰਘ ਜੱਸਾ ਮਾਣਕੀ ਅਤੇ ਹਰਜੰਤ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਸ. ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਇਸ ਕੇਸ ਵਿਚ 12 ਦਸੰਬਰ 2014 ਨੂੰ ਸਕਿਉਰਿਟੀ ਜੇਲ੍ਹ ਨਾਭਾ ਤੋਂ ਲਿਆ ਕੇ ਗ੍ਰਿਫਤਾਰੀ ਪਾਈ ਗਈ ਸੀ ਅਤੇ ਭਾਈ ਮਿੰਟੂ ਪਾਸੋਂ ਇਸ ਕੇਸ ਵਿਚ ਨਾ ਤਾਂ ਕੋਈ ਬਰਾਮਦਗੀ ਹੋਈ ਸੀ ਅਤੇ ਨਾ ਹੀ ਪਹਿਲਾਂ ਸਜ਼ਾ ਪ੍ਰਾਪਤ ਬੰਦਿਆਂ ਨਾਲ ਕੋਈ ਸਬੰਧ ਸਾਬਤ ਹੋਇਆ ਹੈ।
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਭਾਈ ਮਿੰਟੂ ਦੇ 3 ਕੇਸ ਬਰੀ ਹੋ ਚੁੱਕੇ ਹਨ, 4 ਕੇਸਾਂ ਵਿਚੋਂ ਜ਼ਮਾਨਤ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਪਹਿਲਾਂ ਐਫ.ਆਈ.ਆਰ. ਨੰ: 7/2010 ਥਾਣਾ ਸਦਰ ਨਾਭਾ ਦਾ ਕੇਸ ਪਹਿਲਾਂ ਹੀ ਬਰੀ ਹੋ ਚੁੱਕਾ ਹੈ ਅਤੇ ਹੁਣ ਪਟਿਆਲਾ ਵਿਚ ਕੇਵਲ ਇਕ ਕੇਸ ਨਵੰਬਰ 2016 ਦਾ ਨਾਭਾ ਜੇਲ੍ਹ ਬਰੇਕ ਕੇਸ ਹੀ ਵਿਚਾਰ ਅਧੀਨ ਹੈ।
Related Topics: Advocate Barjinder Singh Sodhi, Bhai Harminder Singh Mintu, Jaspal Singh Manjhpur (Advocate), Punjab Police, Sikh Political Prisoners