ਸਿੱਖ ਖਬਰਾਂ

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ

September 24, 2015 | By

ਅੰਮ੍ਰਿਤਸਰ: ਅੱਜ ਪੰਜ ਸਿੰਘ ਸਾਹਿਬਾਨ ਦੀ ਅੰਮ੍ਰਿਤਸਰ ਵਿਖੇ ਹੋਈ ਇੱਕ ਇਕਤਰਤਾ ਨੇ ਵਿਚ ਡੇਰਾ ਸਿਰਸਾ ਦੇ ਵਿਵਾਦਤ ਮੁਖੀ ਗੁਰਮੀਤ ਰਾਮ ਰਹੀਮ ਨੂੰ ‘ਮਾਫ’ ਕਰਨ ਦਾ ਐਲਾਨ ਕੀਤਾ ਗਿਆ। ਸਿੰਘ ਸਾਹਿਬਾਨ ਕਿਹਾ ਕਿ ਡੇਰਾ ਮੁੱਖੀ ਵਲੋਂ ਭੇਜੀ ਗਈ “ਖਿਮਾਂ ਯਾਚਨਾ” ਨੂੰ ਪ੍ਰਵਾਨ ਕਰ ਲਿਆ ਗਿਆ ਹੈ ਕਿਉਂਕਿ ਵਿਵਾਦ ਕਾਰਣ ਜੋ ਪ੍ਰੀਵਾਰਕ ਅਤੇ ਭਾਈਚਾਰਕ ਸਾਂਝਾਂ ਟੁੱਟੀਆਂ ਸਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ੨੦੦੭ ਦੀ ਘਟਨਾ ਬਾਰੇ ਸਪਸ਼ਟੀਕਰਨ ਦਿੱਤਾ ਹੈ ਜਿਸ ਵਿਚ ਉਸ ਨੇ ਗੁਰੂ ਸਾਹਿਬਾਨ ਅਤੇ ਅੰਮ੍ਰਿਤ ਸੰਸਕਾਰ ਰਚਣ ਦੀ ਭੁੱਲ ਕੀਤੀ ਸੀ।

ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਇਕ ਪੁਰਾਣੀ ਤਸਵੀਰ

ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਇਕ ਪੁਰਾਣੀ ਤਸਵੀਰ

ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਅਚਨਚੇਤ ਬੁਲਾਈ ਗਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ,ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਅਬਚਲਨਗਰ ਹਜ਼ੂਰ ਸਾਹਿਬ ਤੋਂ ਮੀਤ ਗ੍ਰੰਥੀ ਗਿਆਨੀ ਰਾਮ ਸਿੰਘ ਸ਼ਾਮਿਲ ਹੋਏ।
ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਪ੍ਰੈਲ 2007 ਵਿਚ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਾਹੀਮ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਅਤੇ ‘ਅੰਮ੍ਰਿਤ ਸੰਸਕਾਰ’ ਦੀ ਨਕਲ ਕਰਨ ਦੀ ਕੋਝੀ ਹਰਕਤ ਕੀਤੀ ਸੀ, ਜਿਸ ਤੋਂ ਪੰਥ ਵਿਚ ਡੇਰਾ ਸਿਰਸਾ ਤੇ ਡੇਰਾ ਮੁਖੀ ਵਿਰੁਧ ਭਾਰੀ ਰੋਹ ਪਰਗਟ ਤੇ ਲਾਮਬੰਦ ਹੋਇਆ ਸੀ। ਪੰਥਕ ਵੇਗ ਦੇ ਮੱਦੇ-ਨਜ਼ਰ ਸਿੰਘ ਸਾਹਿਬਾਨ ਵਲੋਂ 17 ਅਪ੍ਰੈਲ, 2007 ਨੂੰ ਦਮਦਮਾ ਸਾਹਿਬ ਤੋਂ ਡੇਰੇ ਵਿਰੁਧ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਡੇਰਾ ਮੁਖੀ ਦੀ ਗ੍ਰਿਫਤਾਰੀ ਲਈ ਚੱਲੇ ਸੰਘਰਸ਼ ਦੌਰਾਨ ਸੈਂਕੜੇ ਸਿੱਖਾਂ ਦੀ ਗ੍ਰਿਫਤਾਰੀਆਂ ਹੋਈਆਂ ਸਨ ਤੇ ਡੇਰਾ ਪੈਰੋਕਾਰਾਂ ਨੇ ਭਾਈ ਕਮਲਜੀਤ ਸਿੰਘ ਸੁਨਾਮ ਤੇ ਭਾਈ ਹਰਮਿੰਦਰ ਸਿੰਘ ਡੱਬਵਾਲੀ ਸਮੇਤ ਤਿੰਨ ਸਿੰਘਾਂ ਨੂੰ ਕਤਲ ਕਰ ਦਿੱਤਾ ਸੀ, ਜਿਸ ਬਾਰੇ ਸਾਰੇ ਦੋਸ਼ੀ ਡੇਰਾ ਪ੍ਰੈਮੀ ਬਰੀ ਹੋ ਚੁੱਕੇ ਹਨ।


Read in English: 


ਇਹ ਵੀ ਦੱਸਣਯੋਗ ਹੈ ਕਿ ਡੇਰਾ ਮੁਖੀ ਨੇ ਦੋ ਸਿੱਖ ਪੰਥ ਵੱਲ ਦੋ ਕਥਿਤ ਮਾਫੀਨਾਮੇ ਭੇਜੇ ਸਨ ਪਰ ਉਨ੍ਹਾਂ ਦੀ ਕਪਟਪੂਰਨ ਭਾਸ਼ਾ ਨੂੰ ਪਛਾਣਦਿਆਂ ਪੰਥ ਨੇ ਇਹ ਮਾਫੀਨਾਮੇ ਰੱਦ ਕਰ ਦਿੱਤੇ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਸਮੇਂ ਦੋਰਾਨ ਪੰਥਕ ਵੇਗ ਲਾਮਬੰਦ ਹੋਣ ਕਾਰਨ ਜਥੇਦਾਰ ਡੋਲਵਾਂ ਫੈਸਲਾ ਨਹੀਂ ਸਨ ਲੈ ਸਕੇ ਪਰ ਹੁਣ ਪੰਥਕ ਵੇਗ ਦੇ ਮੱਠਾ ਪੈ ਜਾਣ ਕਰਕੇ ਜਥੇਦਾਰਾਂ ਨੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਉੱਪਰ ਇਹ ਫੈਸਲਾ ਲਿਆ ਹੈ।

ਸਿੱਖ ਸਿਆਸਤ ਵਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਲੋਂ ਭੇਜੇ ਗਏ ਨਵੇਂ ਪੱਤਰ ਨੂੰ ਵੀ ਘੋਖਿਆ ਗਿਆ ਹੈ ਤੇ ਇਹ ਕਿਸੇ ਵੀ ਤਰ੍ਹਾਂ ਪਹਿਲੇ ਕਥਿਤ ਮਾਫੀਨਾਮਿਆਂ ਤੋਂ ਵੱਖ ਨਹੀਂ ਹੈ (ਇਸ ਪੱਤਰ ਦੀ ਨਕਲ ਹੇਠਾਂ ਛਾਪੀ ਜਾ ਰਹੀ ਹੈ)। ਸੌਧਾ ਸਾਧ ਨੇ ਪੂਰੇ ਪੱਤਰ ਵਿਚ ਇਕ ਹੀ ਗੱਲ ਦਹੁਰਾਈ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਂਰਾਜ ਦਾ ਸਵਾਂਗ ਨਹੀਂ ਰਚਿਆ। ਪੂਰੇ ਪੱਤਰ ਵਿਚ ਕਿਸੇ ਵੀ ਤਰ੍ਹਾਂ ਦੀ ਮਾਫੀ ਦੀ ਕੋਈ ਗੱਲ ਨਹੀਂ ਹੈ ਤੇ ਸਿਰਫ ਪੱਤਰ ਦੇ ਅਖੀਰ ਵਿਚ “ਖਿਮਾ ਦਾ ਜਾਚਕ” ਲਫਜ਼ਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਉੱਤੇ ਸੌਦਾ ਸਾਧ ਵਲੋਂ ਦਸਤਖਤ ਕੀਤੇ ਗਏ ਦੱਸੇ ਜਾਂਦੇ ਹਨ। ਇਹ ਪੱਤਰ ਸਾਦੇ ਕਾਗਜ਼ ਉੱਤੇ ਹੈ ਤੇ ਦਸਤਖਤਾਂ ਦੇ ਹੇਠਾਂ ਹੱਥ ਨਾਲ ਸੌਧਾ ਸਾਧ ਦਾ ਨਾਮ ਅਤੇ ਡੇਰੇ ਦਾ ਨਾਮ ਲਿਖਿਆ ਹੋਇਆ ਹੈ। ਪੱਤਰ ਉੱਤੇ ਕੋਈ ਵੀ ਮਿਤੀ ਨਹੀਂ ਹੈ।

ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਗਏ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ “ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ-ਉੱਚਤਾ ਪ੍ਰਵਾਨਦਿਆਂ ਡੇਰਾ ਸਰਸਾ ਮੁਖੀ ਨੇ ਮੰਗੀ ਮੁਆਫੀ”। ਬਿਆਨ ਵਿਚ ਸੋਦਾ ਸਾਧ ਦੇ ਪੱਤਰ ਵਾਲੀਆਂ ਗੱਲਾਂ ਹੀ ਦਹੁਰਾਈਆਂ ਗਈ ਅਤੇ ਦਾਅਵਾ ਕੀਤਾ ਗਿਆ ਹੈ ਕਿ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਵਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਦੀ ਰੌਸ਼ਨੀ ਵਿਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਭੇਜੇ ਗਏ ਖਿਮਾਂ ਯਾਚਨਾ ਪੱਤਰ ਅਤੇ ਸਪੱਸ਼ਟੀਕਰਨ ਨੂੰ ਪਰਵਾਨ ਕਰ ਲਿਆ ਗਿਆ ਹੈ। ਇਸ ਬਿਆਨ ਦੀਆਂ ਜੋ ਨਕਲਾਂ ਪੱਤਰ-ਕਾਰਾਂ ਨੂੰ ਦਿੱਤੀਆਂ ਗਈਆਂ ਹਨ ਉਨ੍ਹਾਂ ਉੱਤੇ ਕਿਸੇ ਦੇ ਵੀ ਦਸਤਖਤ ਨਹੀਂ ਹਨ ਅਤੇ ਇਹ ਬਿਆਨ ਵੀ ਸਾਦੇ ਕਾਗਜ਼ ਉੱਤੇ ਹੀ ਛਪਿਆ ਹੋਇਆ ਹੈ। (ਪ੍ਰੈਸ ਬਿਆਨ ਦੀ ਨਕਲ ਹੇਠਾਂ ਛਾਪੀ ਗਈ ਹੈ)

ਮੂਢਲੇ ਪ੍ਰਤੀਕਰਮ ਦੇ ਤੌਰ ਉੱਤੇ ਸਿੱਖ ਸੰਗਤਾਂ ਜਿਥੇ ਸਿੰਘ ਸਾਹਿਬਾਨ ਦੇ ਇਸ ਫੈਸਲੇ ਉੱਤੇ ਹੈਰਾਨੀ ਦਾ ਪ੍ਰਗਟਾਵਾ ਕਰ ਰਹੀਆਂ ਹਨ ਉੱਥੇ ਹੀ ਇਸ ਫੈਸਲੇ ਵਿਰੁਧ ਵੀ ਅਵਾਜ਼ਾਂ ਉੱਠ ਰਹੀਆਂ ਹਨ। ਮੁਢਲਾਂ ਪ੍ਰਤੀਕਰਮ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਾ ਤਾਂ ਪੰਥਕ ਰਵਾਇਤਾਂ ਅਨੁਸਾਰ ਹੈ ਤੇ ਨਾ ਹੀ ਇਹ ਪੰਥਕ ਭਾਵਨਾ ਦੇ ਅਨੁਸਾਰ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਗਿਣਤੀਆਂ-ਮਿਣਤੀਆਂ ਵਿਚੋਂ ਨਿਕਲੀਆਂ ਹਿਦਾਇਤਾਂ ਅੱਗੇ ਗੋਡੇ ਟੇਕਦਿਆ ਇਹ ਫੈਸਲਾ ਲਿਆ ਹੈ।


ਸੌਧਾ ਸਾਧ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਕਥਿਤ ਮਾਫੀਨਾਮੇ ਦੀ ਨਕਲ:


 

ਸੌਧਾ ਸਾਧ ਨੂੰ ਖਿਮਾ (ਮਾਫ) ਕਰਨ ਬਾਰੇ ਜਾਰੀ ਕੀਤੇ ਪ੍ਰੈਸ ਬਿਆਨ ਦੀ ਨਕਲ:


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,