ਸਿੱਖ ਖਬਰਾਂ

ਨਵੰਬਰ 1984 ਸਿੱਖ ਕਤਲੇਆਮ ਦੀ ਯਾਦਗਾਰ ਇੱਕ ਕੰਧ ਦੇ ਰੂਪ ਵਿੱਚ ਉਸਾਰੀ ਜਾਵੇਗੀ

October 29, 2014 | By

ਅੰਮ੍ਰਿਤਸਰ (28 ਅਕਤੂਬਰ,2014): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਯਾਦਗਾਰ ਦੇ ਰੂਪ ਵਿੱਚ ਸਿਰਫ ਇੱਕ ਕੰਧ ਉਸਾਰੀ ਜਾਵੇਗੀ, ਜਿਸ ਉਪਰ ਨਵੰਬਰ 1984 ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੇ ਨਾਂ ਉਕਰੇ ਹੋਣਗੇ। ਇਸ ਸਬੰਧ ਵਿੱਚ ਕੋਈ ਵੱਖਰੀ ਇਮਾਰਤ ਜਾਂ ਢਾਂਚਾ ਨਹੀਂ ਉਸਾਰਿਆ ਜਾ ਰਿਹਾ।

Sikh Genocide

ਨਵੰਬਰ 1984 ਸਿੱਖ ਕਤਲੇਆਮ

ਉਨ੍ਹਾਂ ਦੱਸਿਆ ਕਿ ਇਸ ਯਾਦਗਾਰ ਦੇ ਨੇੜੇ ਸੁੰਦਰ ਲੈਂਡ ਸਕੇਪਿੰਗ, ਫੁਹਾਰਾ ਅਤੇ ਪੱਥਰ ਨਾਲ ਸਜਾਵਟ ਕੀਤੀ ਜਾਵੇਗੀ। ਇਸ ਕੰਧ ਉਪਰ ਦਿੱਲੀ ਅਤੇ ਹੋਰ ਵੱਖ ਵੱਖ ਸ਼ਹਿਰਾਂ ਵਿੱਚ ਮਾਰੇ ਗਏ ਸਿੱਖਾਂ ਦੇ ਨਾਂ ਸ਼ਾਮਲ ਹੋਣਗੇ। ਇਹ ਯਾਦਗਾਰ ਉਨ੍ਹਾਂ ਗੈਰ ਸਿੱਖਾਂ ਨੂੰ ਵੀ ਸਮਰਪਿਤ ਹੋਵੇਗੀ, ਜਿਨ੍ਹਾਂ ਨੇ ਬਿਨਾਂ ਕਿਸੇ ਧਰਮ ਦੇ ਭੇਦਭਾਵ ਤੋਂ ਸਿੱਖਾਂ ਨੂੰ ਦੰਗਾਕਾਰੀਆਂ ਤੋਂ ਬਚਾਇਆ ਸੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਸਰਕਾਰ ਨੇ ਹੁਣ ਯਾਦਗਾਰ ਰੂਪੀ ਇਸ ਦੀਵਾਰ ‘ਤੇ ਕੋਈ ਇਤਰਾਜ਼ ਨਹੀਂ ਉਠਾਇਆ ਹੈ ਜਦੋਂਕਿ ਇਸ ਤੋਂ ਪਹਿਲਾਂ ਯਾਦਗਾਰ ਰੂਪੀ ਢਾਂਚਾ ਉਸਾਰਨ ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਗਿਆ ਸੀ। ਇਸ ਵਾਰ ਇਸ ਸਬੰਧ ਵਿੱਚ ਕੋਈ ਅਗਾਊਂ ਪ੍ਰਵਾਨਗੀ ਵੀ ਨਹੀਂ ਲਈ ਗਈ ਹੈ ਕਿਉਂਕਿ ਇਹ ਯਾਦਗਾਰ ਸਿਰਫ ਇੱਕ ਕੰਧ ਦੇ ਰੂਪ ਵਿੱਚ ਹੈ।

ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਜਾਣ ਵਾਲੀ ਪ੍ਰਸਤਾਵਿਤ ਯਾਦਗਾਰ ਦਾ ਕੰਮ ਇੱਕ ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਦਿੱਲੀ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਯਾਦਗਾਰ ਗੁਰਦੁਆਰਾ ਰਕਾਬਗੰਜ ਵਿਖੇ ਉਸਾਰੀ ਜਾਵੇਗੀ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਮਗਰੋਂ ਇੱਥੇ ਇੱਕ ਅਜਾਇਬ ਘਰ ਵੀ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਉਸ ਵੇਲੇ ਮਾਰੇ ਗਏ ਸਿੱਖਾਂ ਦੀਆਂ ਤਸਵੀਰਾਂ ਅਤੇ ਉਸ ਵੇਲੇ ਦੀਆਂ ਪ੍ਰਕਾਸ਼ਤ ਹੋਈਆਂ ਮੀਡੀਆ ਰਿਪੋਰਟਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਸਾਰਾ ਕੰਮ ਕੁਝ ਸਾਲਾਂ ਵਿੱਚ ਮੁਕੰਮਲ ਹੋ ਜਾਵੇਗਾ। ਅਜਾਇਬ ਘਰ ਵਾਸਤੇ ਕੋਈ ਨਵੀਂ ਇਮਾਰਤ ਨਹੀਂ ਉਸਾਰੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਇੱਕ ਨਵੰਬਰ ਨੂੰ ਕੀਤੀ ਜਾਵੇਗੀ, ਜਿਸ ਵਿਚ ਪੰਜ ਸਿੰਘ ਸਾਹਿਬਾਨ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸੰਤ ਸਮਾਜ, ਨਿਹੰਗ ਜਥੇਬੰਦੀਆਂ ਅਤੇ ਹੋਰ ਸਭਾ ਸੁਸਾਇਟੀਆਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।

ਦੱਸਣਯੋਗ ਹੈ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਪਿਛਲੇ ਵਰ੍ਹੇ 12 ਜੂਨ ਨੂੰ ਰੱਖਿਆ ਗਿਆ ਸੀ ਪਰ ਉਸ ਵੇਲੇ ਇਸ ਮਾਮਲੇ ‘ਤੇ ਵਿਵਾਦ ਸ਼ੁਰੂ ਹੋ ਗਿਆ ਸੀ। ਕੁਝ ਵਿਅਕਤੀਆਂ ਵੱਲੋਂ ਗੁਰਦੁਆਰੇ ਦੇ ਵਿਹੜੇ ਵਿੱਚ ਯਾਦਗਾਰ ਬਣਾਉਣ ਦਾ ਵਿਰੋਧ ਕਰਦਿਆਂ ਦਿੱਲੀ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਪਰ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਹਦਾਇਤਾਂ ‘ਤੇ ਇਹ ਪਟੀਸ਼ਨ ਵਾਪਸ ਲੈ ਲਈ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,