August 25, 2015 | By ਸਿੱਖ ਸਿਆਸਤ ਬਿਊਰੋ
ਲੰਡਨ (24 ਅਗਸਤ, 2015): ਬਰਤਾਨੀਆਂ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਅਨੰਦ ਕਾਰਜ ਹੋਣਗੇ । ਗੈਰ-ਸਿੱਖ ਲੜਕੇ ਲੜਕੀ ਨੂੰ ਸਿੱਖ ਧਰਮ ਗ੍ਰਹਿਣ ਕਰਨਾ ਜ਼ਰੂਰੀ ਹੈ, ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਤੇ ਕੌਰ ਜ਼ਰੂਰੀ ਹੋਵੇਗਾ । ਕਿਸੇ ਵੀ ਭਾਈਚਾਰੇ ਦਾ ਕੋਈ ਵੀ ਵਿਅਕਤੀ ਜੋ ਸਿੱਖ ਧਰਮ ਨਾਲ ਜੁੜਿਆ ਹੋਵੇ, ਜੋ ਆਪਣੇ ਰੋਜ਼ਾਨਾ ਜਿੰਦਗੀ ‘ਚ ਸਿੱਖ ਧਰਮ ਦੀਆ ਪ੍ਰੰਪਰਾਵਾਂ ਨੂੰ ਨਿਭਾਉਂਦੇ ਹੋਣ, ਗੁਰੂ ਘਰਾਂ ਲਈ ਯੋਗਦਾਨ ਪਾਉਂਦੇ ਹਨ ਉਨਾਂ ਦੇ ਅਨੰਦ ਕਾਰਜ ਬਿਨ੍ਹਾਂ ਕਿਸੇ ਰੋਕਟੋਕ ਹੋਣਗੇ । ਭਾਵੇਂ ਉਨਾਂ ਦੇ ਨਾਵਾਂ ਨਾਲ ਸਿੰਘ ਜਾਂ ਕੌਰ ਹੋਵੇ ਜਾਂ ਨਾ ਹੋਵੇ ।
ਬੀਤੇ ਕੁਝ ਹਫਤਿਆਂ ਤੋਂ ਸਿੱਖ ਤੇ ਗੈਰ ਸਿੱਖ ਲੜਕੇ ਲੜਕੀਆਂ ਦੇ ਵਿਆਹਾਂ ਦੇ ਮਾਮਲੇ ਸਬੰਧੀ ਛਿੜੇ ਵਿਵਾਦ ਨੂੰ ਠੱਲਣ ਲਈ ਸਿੱਖ ਕੌਾਸਲ ਯੂ.ਕੇ., ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ (ਐਫ.ਐਸ.ਓ.) ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਂਝੇ ਯਤਨਾਂ ਸਦਕਾ ਇਕ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ, ਜਿਸ ‘ਚ ਇੰਗਲੈਂਡ ਦੇ ਗੁਰੂ ਘਰਾਂ, ਸਿੱਖ ਜਥੇਬੰਦੀਆਂ ਤੇ ਸਿੱਖ ਚਿੰਤਕਾਂ ਸਮੇਤ 180 ਤੋਂ ਵੱਧ ਨੁਮਾਇੰਦੇ ਹਾਜ਼ਰ ਹੋਏ । ਪਾਸ ਕੀਤੇ ਮਤਿਆਂ ਅਨੁਸਾਰ ਸਮੂਹ ਸਿੱਖ ਭਾਵੇਂ ਉਹ ਗੁਰੂ ਘਰਾਂ ਦੇ ਪ੍ਰਬੰਧਕ ਹੋਣ ਜਾਂ ਮੁਜ਼ਾਹਰਾਕਾਰੀ ਹੋਣ ਮਿਲ ਕੇ ਕੰਮ ਕਰਨਗੇ ।
ਮੀਟਿੰਗ ਦੌਰਾਨ ਸਿੱਖ ਕੌਾਸਲ ਯੂ.ਕੇ. ਦੇ ਜਨਰਲ ਸਕੱਤਰ ਗੁਰਮੇਲ ਸਿੰਘ ਕੰਦੋਲਾ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਲੈਂਦਿਆਂ ਪਾਸ ਕੀਤੇ ਮਤਿਆਂ ਨੂੰ ਪੜਿ੍ਹਆ, ਜਿਸ ਨੂੰ ਸੰਗਤ ਨੇ ਜੈਕਾਰਿਆਂ ਦੇ ਰੂਪ ‘ਚ ਪ੍ਰਵਾਨਗੀ ਦਿੱਤੀ ।
ਇਸ ਮੌਕੇ ਇਹ ਵੀ ਸਹਿਮਤੀ ਹੋਈ ਕਿ ਗੁਰੂ ਘਰਾਂ ਵੱਲੋਂ ਅਨੰਦ ਕਾਰਜਾਂ ਸਬੰਧੀ ਇਕ ਵਿਦਿਅਕ ਪ੍ਰੋਗਰਾਮ ਉਲੀਕਿਆ ਜਾਵੇ, ਜਿਸ ਅਨੁਸਾਰ ਲੜਕੇ ਲੜਕੀ ਨੂੰ ਵਿਆਹ ਤੋਂ ਪਹਿਲਾਂ ਅਨੰਦ ਕਾਰਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ, ਅਜਿਹਾ ਗੁਰੂ ਘਰਾਂ ਦੀਆਂ ਕਮੇਟੀਆਂ ਅਨੰਦ ਕਾਰਜ ਦੀ ਬੁਕਿੰਗ ਤੋਂ ਪਹਿਲਾਂ ਯਕੀਨੀ ਬਣਾਉਣ । ਇਸ ਵਿਦਿਅਕ ਪ੍ਰੋਗਰਾਮ ਨੂੰ ਬਣਾਉਣ ਲਈ ਸਿੱਖ ਕੌਾਸਲ ਅਗਵਾਈ ਕਰੇਗੀ, ਜਿਸ ‘ਚ ਨੌਜਵਾਨ ਤੇ ਗੁਰੂ ਘਰ ਸਹਿਯੋਗ ਦੇਣਗੇ ।
ਇਸ ਮੌਕੇ ਗੁਰਮੇਲ ਸਿੰਘ ਮੱਲ੍ਹੀ, ਭਾਈ ਅਮਰੀਕ ਸਿੰਘ ਗਿੱਲ, ਹਰਜੀਤ ਸਿੰਘ ਸਰਪੰਚ, ਸੋਹਣ ਸਿੰਘ ਸਮਰਾ, ਰਾਜਿੰਦਰ ਸਿੰਘ ਪੁਰੇਵਾਲ, ਸੁਰਜੀਤ ਸਿੰਘ ਬਿਲਗਾ, ਮਨਜੀਤ ਸਿੰਘ ਸੰਦਰਲੈਂਡ, ਕੁਲਵੰਤ ਸਿੰਘ ਭਿੰਡਰ, ਕੈਮ ਸਿੰਘ, ਕੁਲਵੰਤ ਸਿੰਘ ਢੇਸੀ ਆਦਿ ਨੇ ਸੰਬੋਧਨ ਕੀਤਾ ।
Related Topics: Sikh Council UK, Sikhs in United Kingdom