October 26, 2015 | By ਸਿੱਖ ਸਿਆਸਤ ਬਿਊਰੋ
ਫ਼ਰੀਦਕੋਟ: ਪਿਛਲੇ ਦਿਨੀਂ ਪਿੰਡ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤੇ ਗਏ ਪਿੰਡ ਪੰਜਗਰਾਈਆਂ ਦੇ ਦੋ ਸਿੱਖ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਥਾਣਾ ਸਿਟੀ ਫਰੀਦਕੋਟ ਦੇ ਐਸ.ਐਚ.ਓ ਰਜੇਸ਼ ਕੁਮਾਰ ਦੀ ਅਗਵਾਈ ਵਿੱਚ ਚੀਫ ਜੁਡੀਸ਼ੀਅਲ ਮੈਜੀਸਟਰੇਟ ਸ਼ਵੇਤਾ ਦਾਸ ਦੀ ਕਚਹਿਰੀ ਵਿੱਚ 3.15 ਵਜੇ ਪੇਸ਼ ਕੀਤਾ ਗਿਆ।
ਸਿੱਖ ਭਰਾਵਾਂ ਵੱਲੋਂ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ ਪੇਸ਼ ਹੋਏ। ਪੁਲਿਸ ਵੱਲੋਂ ਇਨ੍ਹਾਂ ਸਿੱਖ ਭਰਾਵਾਂ ਉੱਤੇ ਬਾਜਾਖਾਨਾ ਥਾਣੇ ਵਿੱਚ ਐਫ.ਆਈ ਆਰ ਨੰ.128 ਅਨੁਸਾਰ ਧਾਰਾ 295 ਅਤੇ 120-ਬੀ ਅਧੀਨ ਪਰਚਾ ਦਰਜ ਕੀਤਾ ਗਿਆ ਹੈ।ਸੁਣਵਾਈ ਤੋਂ ਬਾਅਦ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ।ਅਗਲੀ ਪੇਸ਼ੀ 9 ਨਵੰਬਰ ਨੂੰ ਹੋਵੇਗੀ।
ਕੇਸ ਦੀ ਸੁਣਵਾਈ ਕਰ ਰਹੀ ਜੱਜ ਵੱਲੋਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਦੀਆਂ ਭੈਣਾਂ ਨੂੰ ਮਿਲਣ ਲਈ ਅਦਾਲਤ ਵਿੱਚ ਬੁਲਾਇਆ ਗਿਆ ਸੀ।ਪਰ ਬਾਅਦ ਵਿੱਚ ਦੋਵੇਂ ਭੈਣਾਂ ਵੱਲੋਂ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।
ਮੌਕੇ ਤੇ ਮੌਜੂਦ ਸੂਤਰਾਂ ਅਨੁਸਾਰ ਦੋਵੇਂ ਭਰਾਵਾਂ ਤੇ ਬਹੁਤ ਤਸ਼ੱਦਦ ਕੀਤਾ ਗਿਆ ਨਜ਼ਰ ਆ ਰਿਹਾ ਸੀ।ਰੁਪਿੰਦਰ ਸਿੰਘ ਨੂੰ ਪੇਸ਼ ਕਰਨ ਲਈ ਵਹੀਲ ਚੇਅਰ ’ਤੇ ਲਿਆਂਦਾ ਗਿਆ।
ਜਿਕਰਯੋਗ ਹੈ ਕਿ ਅਕਾਲੀ ਦਲ ਤੋਂ ਇਲਾਵਾ ਸਭ ਰਾਜਨੀਤਿਕ ਪਾਰਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਪੁਲਿਸ ਦੇ ਤੱਥਾਂ ਨੂੰ ਬੇਬੁਨਿਆਦ ਦੱਸਿਆ ਜਾ ਚੁਕਿਆ ਹੈ ਤੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਇਲਜਾਮ ਪੰਜਾਬ ਪੁਲਿਸ ’ਤੇ ਲਗਾਏ ਹਨ।
ਸੂਤਰਾਂ ਅਨੁਸਾਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅੱਜ ਸਵੇਰ ਤੋਂ ਹੀ ਫਰੀਦਕੋਟ ਕਚਿਹਰੀਆਂ ਵਿੱਚ ਪਹੁੰਚ ਰਹੀਆਂ ਸਨ ਜਿਸ ਲਈ ਸਿੱਖ ਸੰਗਤਾਂ ਵੱਲੋਂ ਚਾਹ ਦੇ ਲੰਗਰ ਵੀ ਲਗਾਏ ਗਏ ਸਨ।ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੇ ਮੱਦੇਨਜ਼ਰ ਡੀ.ਐਸ.ਪੀ ਫਰੀਦਕੋਟ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ।
Related Topics: Faridkot, Incident of Beadbi of Guru Granth Shaib at Bargar Village, Kotakpura Incident, Panjgrayian SIkh Brothers