November 3, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਅਤੇ ਆਵਾਜ਼-ਏ-ਪੰਜਾਬ ਦੇ ਮੋਢੀ ਨਵਜੋਤ ਸਿੱਧੂ ਵਿਚਕਾਰ ਚੱਲ ਰਹੀ ਗੱਲਬਾਤ ਦੂਜੀ ਵਾਰ ਟੁੱਟ ਗਈ ਹੈ। ‘ਆਪ’ ਦੇ ਇਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿੱਧੂ ਦਾ ਧੜਾ 30 ਸੀਟਾਂ, ਉਪ ਮੁੱਖ ਮੰਤਰੀ ਸਮੇਤ ਮੰਤਰੀਆਂ ਦੇ ਤਿੰਨ ਚਾਰ ਅਹੁਦੇ ਮੰਗ ਰਿਹਾ ਸੀ, ਜੋ ‘ਆਪ’ ਨੂੰ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਸੀ। ਇਸ ਕਾਰਨ ਗੱਲ ਟੁੱਟ ਗਈ। ਇਸ ਆਗੂ ਅਨੁਸਾਰ ‘ਆਪ’ ਪੰਜ ਸੀਟਾਂ ਦੇਣ ਲਈ ਤਿਆਰ ਸੀ ਪਰ ਸ੍ਰੀ ਸਿੱਧੂ ਦਾ ਧੜਾ ਸਹਿਮਤ ਨਹੀਂ ਹੋਇਆ। ਦੱਸਣਯੋਗ ਹੈ ਕਿ ਸਿੱਧੂ ਨਾਲ ਮੁੱਖ ਤੌਰ ’ਤੇ ‘ਆਪ’ ਦੇ ਕੌਮੀ ਜਥੇਬੰਦਕ ਆਗੂ ਦੁਰਗੇਸ਼ ਪਾਠਕ ਗੱਲ ਕਰ ਰਹੇ ਸਨ।
ਸਿੱਧੂ ਪਹਿਲਾਂ ਕਈ ਦਿਨ ਕਾਂਗਰਸ ਦੀ ਕੌਮੀ ਲੀਡਰਸ਼ਿਪ ਦੇ ਵੀ ਸੰਪਰਕ ਵਿੱਚ ਰਹੇ ਪਰ ਉਥੇ ਵੀ ਕੋਈ ਸਿਆਸੀ ‘ਸੌਦੇਬਾਜ਼ੀ’ ਨਾ ਹੋਣ ਕਾਰਨ ਉਨ੍ਹਾਂ ਮੁੜ ‘ਆਪ’ ਨਾਲ ਗੱਲ ਸ਼ੁਰੂ ਕੀਤੀ ਸੀ। ਸੂਤਰਾਂ ਅਨੁਸਾਰ ਸਿੱਧੂ ਨੇ ਪਿਛਲੇ ਦਿਨੀਂ ਕਾਂਗਰਸ ਦੇ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਮੀਟਿੰਗ ਕੀਤੀ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ। ਆਵਾਜ਼-ਏ-ਪੰਜਾਬ ਦੇ ਮੁੱਖ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ‘ਆਪ’ ਵਾਲੇ ਖ਼ੁਦ ਵਾਰ-ਵਾਰ ਵੱਖ-ਵੱਖ ਤਜਵੀਜ਼ਾਂ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਉਨ੍ਹਾਂ ‘ਆਪ’ ਜਾਂ ਕਾਂਗਰਸ ਕੋਲੋਂ ਟਿਕਟਾਂ ਜਾਂ ਕਿਸੇ ਹੋਰ ਅਹੁਦੇ ਦੀ ਮੰਗ ਕੀਤੀ ਹੈ, ਉਹ ਤਾਂ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਤਜਵੀਜ਼ਾਂ ਸੁਣ ਰਹੇ ਹਨ। ਉਨ੍ਹਾਂ ਨੂੰ ਅਖ਼ਬਾਰਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਮੰਗਿਆ ਜਾ ਰਿਹਾ ਹੈ, ਜਦੋਂ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ।
Related Topics: Aam Aadmi Party, Awaaz-e-Punjab Party, Bains Brothers, navjot singh sidhu, Punjab Politics, Punjab Polls 2017