October 12, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਜੋੜੇ ਨੂੰ ਅਨੁਸ਼ਾਸਨਹੀਣ ਆਗੂ ਕਰਾਰ ਦਿੰਦਿਆਂ ਆਖਿਆ ਕਿ ਕਾਂਗਰਸ ਨੂੰ ਅਜਿਹੇ ਲੋਕਾਂ ਦੀ ਲੋੜ ਨਹੀਂ ਹੈ। ਉਨ੍ਹਾਂ ਕੱਲ੍ਹ ਸਾਬਕਾ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਸਾਬਕਾ ਜ਼ਿਲ੍ਹਾ ਜਥੇਦਾਰ ਉਪਕਾਰ ਸਿੰਘ ਸੰਧੂ ਦਾ ਕਾਂਗਰਸ ਵਿੱਚ ਰਸਮੀ ਤੌਰ ’ਤੇ ਸ਼ਾਮਲ ਹੋਣ ’ਤੇ ਸਵਾਗਤ ਕੀਤਾ।
ਅਕਾਲੀ ਵਿਧਾਇਕ ਵਜੋਂ ਬੁਲਾਰੀਆ ਨੇ ਬੀਤੀ ਸ਼ਾਮ ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਪਾਰਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ। ਬੁਲਾਰੀਆ ਅਤੇ ਸੰਧੂ ਦਾ ਸਵਾਗਤ ਕਰਦਿਆਂ ਕੈਪਟਨ ਨੇ ਆਖਿਆ ਕਿ ਇਹ ਅਕਾਲੀਆਂ ਦੀ ਸੱਤਾ ਵਿਚਲੀ ਪਾਰੀ ਦੀ ਸਮਾਪਤੀ ਦਾ ਸੰਕੇਤ ਹੈ। ਜਲਦੀ ਹੀ ਹੋਰ ਅਕਾਲੀ ਆਗੂ ਵੀ ਕਾਂਗਰਸ ਵਿੱਚ ਸ਼ਾਮਲ ਹੋਣਗੇ। ਕਈ ਅਜਿਹੇ ਅਕਾਲੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਬੁਲਾਰੀਆ ਦੀ ਪਾਰਟੀ ਵਿੱਚ ਆਮਦ ਨੂੰ ਉਨ੍ਹਾਂ ਸ਼ਮੂਲੀਅਤ ਦੀ ਥਾਂ ਘਰ ਵਾਪਸੀ ਕਰਾਰ ਦਿੱਤਾ।
ਇਸ ਮੌਕੇ ਸਿੱਧੂ ਜੋੜੇ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਕਾਂਗਰਸ ਵਿੱਚ ਹਰ ਕਿਸੇ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ ਜਾਵੇਗਾ ਪਰ ਸ਼ਾਮਲ ਹੋਣ ਵਾਲਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਗੈਰ-ਅਨੁਸ਼ਾਸਨੀ ਆਗੂ ਹੈ ਅਤੇ ਅਜਿਹੇ ਲੋਕਾਂ ਦੀ ਕਾਂਗਰਸ ਨੂੰ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਵਾਜ਼-ਏ-ਪੰਜਾਬ ਫਰੰਟ ਨਾਲ ਕੋਈ ਗਠਜੋੜ ਨਹੀਂ ਹੋ ਸਕਦਾ ਅਤੇ ਸਿਰਫ ਰਲੇਵਾਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਧੂ ਜੋੜੇ ਨੂੰ ਕਾਂਗਰਸ ਵਿੱਚ ਆਉਣ ਲਈ ਸੱਦਾ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਾਂਗਰਸੀ ਸੀ ਅਤੇ ਹਰੇਕ ਕਾਂਗਰਸੀ ਲਈ ਘਰ ਵਾਪਸੀ ਵਾਸਤੇ ਦਰਵਾਜ਼ੇ ਖੁੱਲ੍ਹੇ ਹਨ। ਪ੍ਰੰਤੂ ਉਨ੍ਹਾਂ ਨੇ ਕਾਂਗਰਸ ਵਿੱਚ ਵਾਪਸੀ ਤੋਂ ਪਹਿਲਾਂ ਹੀ ਗਲਤ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਸੀ। ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਦਾਅਵੇ ਕਿ ਨਵਜੋਤ ਸਿੱਧੂ ਦਾ ਰਾਹੁਲ ਗਾਂਧੀ ਨਾਲ ਸੰਪਰਕ ਬਣਿਆ ਹੋਇਆ ਹੈ ਅਤੇ ਮੁਲਾਕਾਤ ਵੀ ਹੋਈ ਹੈ, ਬਾਰੇ ਕੈਪਟਨ ਨੇ ਆਖਿਆ ਕਿ ਡਾ. ਸਿੱਧੂ ਦੱਸਣ ਕਿ ਰਾਹੁਲ ਗਾਂਧੀ ਨਾਲ ਕਿਸ ਥਾਂ ’ਤੇ ਮੀਟਿੰਗ ਹੋਈ ਹੈ। ਰਾਹੁਲ ਗਾਂਧੀ ਪਿਛਲੇ ਮਹੀਨੇ ਤੋਂ ਉਤਰ ਪ੍ਰਦੇਸ਼ ਚੋਣਾਂ ਕਾਰਨ ਯੂ.ਪੀ. ਵਿੱਚ ਹਨ ਅਤੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਮੀਟਿੰਗ ਨਹੀਂ ਹੋਈ।
ਕੈਪਟਨ ਨੇ ਲੁਧਿਆਣਾ ਵਿੱਚ ਕਾਂਗਰਸ ਕਾਰਕੁਨਾਂ ‘ਤੇ ਕੀਤੀ ਗਈ ਵਧੀਕੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਕਾਂਗਰਸ ਕਾਰਕੁਨਾਂ ਨੂੰ ਅਕਾਲੀ ਆਗੂਆਂ ਦੇ ਪੁਤਲੇ ਸਾੜਨ ਦਾ ਪੂਰਾ ਹੱਕ ਹੈ ਅਤੇ ਕੋਈ ਇਸ ਹੱਕ ਨੂੰ ਖੋਹ ਨਹੀਂ ਸਕਦਾ।
ਇਸ ਮੌਕੇ ਬੁਲਾਰੀਆ ਨੇ ਪਾਰਟੀ ਛੱਡਣ ਦਾ ਕਾਰਨ ਬਿਆਨ ਕਰਦਿਆਂ ਆਖਿਆ ਕਿ ਅਕਾਲੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਲਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਅਕਾਲੀਆਂ ਦੀਆਂ ਵਧੀਕੀਆਂ ਨੂੰ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਨੱਥ ਪਾ ਸਕਦੇ ਹਨ।
Related Topics: Awaaz-e-Punjab Party, Bains Brothers, captain amrinder singh inderjit singh bularia, Congress Government in Punjab 2017-2022, Pargat Singh, Sidhu couple, upkar sandhu