ਸਿੱਖ ਖਬਰਾਂ

ਮਾਹੌਲ ਵਿਗਾੜਨ ‘ਤੇ ਤੁਲੇ ਸ਼ਿਵ ਸੈਨਿਕਾਂ ਨੂੰ ਗ੍ਰਿਫਤਾਰ ਕਰੇ ਸਰਕਾਰ:ਭਾਈ ਪਪਲਪ੍ਰੀਤ, ਭਾਈ ਗੋਪਾਲਾ

May 20, 2016 | By

ਅੰਮ੍ਰਿਤਸਰ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਮੁੱਖ ਪ੍ਰਬੰਧਕੀ ਜਨਰਲ ਸਕੱਤਰ ਭਾਈ ਪਪਲਪ੍ਰੀਤ ਸਿੰਘ ਨੇ ਅੱਜ ਇਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਨਾ ਸਿੱਖ ਸੰਘਰਸ਼ ਦਾ ਹੀ ਇਕ ਹਿੱਸਾ ਹੈ।

ਸਿੱਖ ਕੌਮ ਅਕਾਲ ਤਖ਼ਤ ਸਾਹਿਬ ’ਤੇ ਹਰ ਵਾਰ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਪਰ ਸ਼ਿਵ ਸੈਨਾ ਸਿੱਖ ਕੌਮ ਦੇ ਧਾਰਮਿਕ ਮਸਲਿਆਂ ’ਚ ਦਖਲਅੰਦਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਫਿਰਕੂ ਲੋਕਾਂ ਨੂੰ ਨੱਥ ਪਾਉਣ ਜੋ ਲੰਮੇ ਸਮੇਂ ਤੋਂ ਸਿੱਖ ਧਰਮ ਵਿਰੁੱਧ ਅਤੇ ਸਾਡੇ ਸ਼ਹੀਦਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਕੇ ਪੰਜਾਬ ਦੇ ਅਮਨ ਕਾਨੂੰਨ ਨੂੰ ਖਰਾਬ ਕਰਦੇ ਆ ਰਹੇ ਹਨ।

ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਪਪਲਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਪਪਲਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਉਨ੍ਹਾਂ ਕਹਿਾ ਕਿ ਹੁਣ ਇਹ ਲੋਕ ਲਲਕਾਰ ਰੈਲੀ ਕੱਢ ਕੇ ਸਿੱਖ ਕੌਮ ਨੂੰ ਚਿੜ੍ਹਾਉਣਾ ਚਾਹੁੰਦੇ ਹਨ, ਪਰ ਸਿੱਖ ਕੌਮ ਦਾ ਨੌਜਵਾਨ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਹਿੰਦੂ ਸੰਗਠਨ ਦੇ ਇਹ ਲੋਕ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਇਹ ਲੋਕ ਆਰ.ਐਸ.ਐਸ. ਦੀ ਸ਼ਹਿ ਮਗਰ ਲੱਗ ਕੇ ਅਤੇ ਸਰਕਾਰੀ ਸੁਰੱਖਿਆ ਲੈਣ ਲਈ ਅਜਿਹੀਆਂ ਗਲਤ ਬਿਆਨਬਾਜ਼ੀਆਂ ਕਰਦੇ ਹਨ। ਪੁਲਿਸ ਪ੍ਰਸ਼ਾਸਨ ਇਹਨਾਂ ਸ਼ਿਵ ਸੈਨੀਆਂ ਨੂੰ ਗ੍ਰਿਫਤਾਰ ਕਰੇ ਕਿਉਂਕਿ ਜੇ ਬਿਆਸ ਦਰਿਆ ’ਤੇ ਹਾਲਾਤ ਵਿਗੜੇ ਤਾਂ ਜ਼ਿੰਮੇਵਾਰ ਵੀ ਇਹ ਲੋਕ ਹੀ ਹੋਣਗੇ।

ਇਸ ਤੋਂ ਇਲਾਵਾ ਭਾਈ ਗੋਪਾਲਾ ਅਤੇ ਭਾਈ ਪਪਲਪ੍ਰੀਤ ਸਿੰਘ ਸਮੇਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿਚ ਲੰਮੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਉੱਤੇ ਕਾਤਲਾਨਾ ਹਮਲਾ ਕਿਸੇ ਸਰਕਾਰੀ ਡੂੰਘੀ ਸਾਜਿਸ਼ ਦਾ ਹੀ ਹਿੱਸਾ ਲਗਦਾ ਹੈ ਤਾਂ ਜੋ ਸਿੱਖੀ ਪ੍ਰਚਾਰ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਨੇਕਾਂ ਥਾਂਵਾਂ ’ਤੇ ਬੇਅਦਬੀ ਕੀਤੀ ਗਈ ਅਤੇ ਹੁਣ ਸਿੱਖ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਥਕ ਆਗੂਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਦੀ ਮੋਤ ’ਤੇ ਗਹਿਰਾ ਦੁਖ ਪ੍ਰਗਟ ਕੀਤਾ। ਇਸ ਮੌਕੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਡਾਕਟਰ ਸ਼ਰਨਜੀਤ ਸਿੰਘ ਰਟੌਲ, ਭਾਈ ਨਵਦੀਪ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,