ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ 10 ਅਰਬ ਤੋਂ ਵੱਧ ਦਾ ਬਜਟ ਪਾਸ ਕੀਤਾ

April 1, 2016 | By

ਅੰਮਿ੍ਤਸਰ (31 ਮਾਰਚ , 2016): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸਾਲ 2016-17 ਲਈ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਦਾ ਸਾਲਾਨਾ ਬਜਟ ਅੱਜ ਪੇਸ਼ ਕੀਤਾ ਗਿਆ, ਜਿਸ ਨੂੰ ਅੰਤਿ੍ੰਗ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ।

ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਨਵੇਂ ਜਨਰਲ ਹਾਊਸ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ, ਸੋ ਉਕਤ ਬਜਟ ਜਨਰਲ ਹਾਊਸ ਦੀ ਬਜਾਏ ਅੰਤਿ੍ੰਗ ਕਮੇਟੀ ‘ਚ ਪੇਸ਼ ਕੀਤਾ ਗਿਆ ਹੈ ।

ਬਜਟ ਪਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਹੋਰ

ਬਜਟ ਪਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਹੋਰ

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਜਾਣਕਾਰੀ ਦਿੱਤੀ ਕਿ ਕੁੱਲ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਦਕਿ ਪਿਛਲੇ ਸਾਲ ਇਹ ਬਜਟ ਬਜਟ 9 ਅਰਬ 93 ਕਰੋੜ 23 ਲੱਖ 89 ਹਜ਼ਾਰ 600 ਰੁਪਏ ਦਾ ਸੀ । ਸਾਲ 2015-16 ਨਾਲੋਂ 2016-17 ਦਾ ਬਜਟ 70 ਕਰੋੜ 90 ਲੱਖ 31 ਹਜ਼ਾਰ 250 ਰੁਪਏ (7.13 ਫ਼ੀਸਦੀ) ਵੱਧ ਹੈ ।

ਬਜਟ ‘ਚ ਜਨਰਲ ਬੋਰਡ ਫ਼ੰਡ ਲਈ 61 ਕਰੋੜ 50 ਲੱਖ, ਟਰੱਸਟ ਫ਼ੰਡਜ਼ ਲਈ 46 ਕਰੋੜ 52 ਲੱਖ, ਵਿੱਦਿਆ ਫ਼ੰਡ ‘ਚ 32 ਕਰੋੜ 68 ਲੱਖ 60 ਹਜ਼ਾਰ, ਪਿ੍ੰਟਿੰਗ ਪ੍ਰੈਸਾਂ 8 ਕਰੋੜ 9 ਲੱਖ, ਧਰਮ ਪ੍ਰਚਾਰ ਕਮੇਟੀ ਲਈ 70 ਕਰੋੜ, ਗੁਰਦੁਆਰਾ ਸਾਹਿਬਾਨ ਦਫਾ-85 6 ਅਰਬ 20 ਕਰੋੜ 6 ਲੱਖ 56 ਹਜ਼ਾਰ, ਗੁ: ਸਾਹਿਬਾਨ ਸੈਕਸ਼ਨ-85 6 ਕਰੋੜ 84 ਲੱਖ 80 ਹਜ਼ਾਰ, ਵਿੱਦਿਅਕ ਅਦਾਰਿਆਂ ਲਈ 2 ਅਰਬ 18 ਕਰੋੜ 43 ਲੱਖ 24 ਹਜ਼ਾਰ 850 ਰੁਪਏ ਕ੍ਰਮਵਾਰ ਰੱਖੇ ਗਏ ਹਨ ।

ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ‘ਚ ਫੂਡ ਪ੍ਰੋਸੈਸਿੰਗ, ਗ੍ਰਾਫਿਕਸ ਤੇ ਐਨੀਮੇਸ਼ਨ ਲਾਇਬ੍ਰੇਰੀ ਸਾਇੰਸ, ਰੀਟੇਲ ਬਿਜ਼ਨੈਸ, ਸਾਫ਼ਟਵੇਅਰ ਡਿਵੈਲਪਮੈਂਟ ਵਰਗੇ ਕਿੱਤਾ ਮੁਖੀ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕੈਂਸਰ ਪੀੜਤਾਂ ਲਈ ਸਾਲਾਨਾ ਬਜਟ ‘ਚ 8 ਕਰੋੜ 60 ਲੱਖ, ਧਰਮੀ ਫ਼ੌਜੀਆਂ ਲਈ 1 ਕਰੋੜ 50 ਲੱਖ, ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਵਾਸਤੇ ਧਰਮ ਅਰਥ ਫ਼ੰਡ ‘ਚੋਂ 1 ਕਰੋੜ 40 ਲੱਖ ਰੁਪਏ ਤੇ ਧਾਰਮਿਕ ਵਿੱਦਿਆ ਦੇ ਪ੍ਰਸਾਰ ਲਈ ਸਕੂਲਾਂ/ਕਾਲਜਾਂ ਵਾਸਤੇ 1 ਕਰੋੜ 20 ਲੱਖ ਰੁਪਏ ਰੱਖੇ ਗਏ ਹਨ । ਵਿੱਦਿਅਕ ਅਦਾਰਿਆਂ ‘ਚ ਅੰਮਿ੍ਤਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਵਜ਼ੀਫੇ ਦੇ ਤੌਰ ‘ਤੇ ਕ੍ਰਮਵਾਰ 2 ਹਜ਼ਾਰ, 3 ਹਜ਼ਾਰ ਤੇ 4 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਇਸ ਮੰਤਵ ਲਈ ਸਾਲ 2016-17 ਦੇ ਬਜਟ ‘ਚ 2 ਕਰੋੜ 75 ਲੱਖ ਰੁਪਏ ਰੱਖੇ ਗਏ ਹਨ ।

’84 ਕਤਲੇਆਮ ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ 30 ਲੱਖ ਰੁਪਏ ਰੱਖੇ ਗਏ ਹਨ । ਸਪੈਸ਼ਲ ਕੋਰਟ ਦੇ ਕੇਸਾਂ ਦੀ ਪੈਰਵੀ ਤੇ ਵਕੀਲਾਂ ਦੀ ਫੀਸ ਲਈ 60 ਲੱਖ ਰੁਪਏ ਰੱਖੇ ਗਏ ਹਨ ।

ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਵਿਖੇ 350 ਸਾਲਾ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਲਈ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ । ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਰੰਗ ਰੋਗਨ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ।

ਉਨ੍ਹਾਂ ਦੱਸਿਆ ਕਿ ਅਚਾਨਕ ਤਰਾਸਦੀਆਂ ਤੇ ਕੁਦਰਤੀ ਆਫਤਾਂ ਲਈ 49 ਲੱਖ ਰੁਪਏ ਰੱਖੇ ਗਏ ਹਨ ਜਦਕਿ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ‘ਚ ਕਾਇਮ ਸਿੱਖ ਮਿਸ਼ਨਾਂ ਲਈ 1 ਕਰੋੜ 10 ਲੱਖ 75 ਹਜ਼ਾਰ ਰੁਪਏ ਰੱਖੇ ਗਏ ਹਨ । ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਬਹਾਦਰਗੜ੍ਹ ਪਟਿਆਲਾ ਦੀ ਇਮਾਰਤ ਲਈ 2 ਕਰੋੜ 50 ਲੱਖ, ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਲਈ 10 ਕਰੋੜ 50 ਲੱਖ ਅਤੇ ਪਿੰਗਲਵਾੜਾ ਭਗਤ ਪੂਰਨ ਸਿੰਘ ਲਈ 15 ਲੱਖ ਰੁਪਏ ਰੱਖੇ ਗਏ ਹਨ ।

ਮੀਰੀ-ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਲਈ 104 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਅਤੇ ਇਹ ਕਾਲਜ 2018 ਤੱਕ ਤਿਆਰ ਹੋ ਜਾਵੇਗਾ ।

ਸ਼੍ਰੋਮਣੀ ਕਮੇਟੀ ਪ੍ਰਧਾਨ ਜਅਵਤਾਰ ਸਿੰਘ ਦੀ ਅਗਵਾਈ ‘ਚ ਇਕੱਤਰਤਾ ਹਾਲ ਵਿਖੇ ਹੋਈ ਬਜਟ ਬੈਠਕ ‘ਚ ਸ: ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ: ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤਿ੍ੰਗ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ: ਦਿਆਲ ਸਿੰਘ ਕੋਲਿਆਂਵਾਲੀ, ਸ: ਸੂਬਾ ਸਿੰਘ ਡੱਬਵਾਲੀ, ਸ: ਗੁਰਬਚਨ ਸਿੰਘ ਕਰਮੂੰਵਾਲ, ਸ: ਰਾਮਪਾਲ ਸਿੰਘ ਬਹਿਣੀਵਾਲ, ਸ: ਨਿਰਮੈਲ ਸਿੰਘ ਜੌਲਾਂ, ਸ: ਮੋਹਨ ਸਿੰਘ ਬੰਗੀ, ਸ: ਸੁਰਜੀਤ ਸਿੰਘ ਗੜ੍ਹੀ, ਸ: ਭਜਨ ਸਿੰਘ ਸ਼ੇਰਗਿੱਲ ਅਤੇ ਸ: ਮੰਗਲ ਸਿੰਘ ਸ਼ਾਮਿਲ ਹੋਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,