August 21, 2018 | By ਸਿੱਖ ਸਿਆਸਤ ਬਿਊਰੋ
ਪਟਿਆਲਾ/ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਤਿੰਨ ਜਥੇਦਾਰਾਂ – ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਫਾਂਸੀ ਦੀ ਸਜਾ ਜ਼ਾਫਤਾ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਇਹ ਮੁਲਾਕਾਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਰਟੀ ਜਾਂਚ ਲਈ ਲਿਆਂਦੇ ਜਾਣ ਮੌਕੇ ਭਾਈ ਰਾਜੋਆਣਾ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਕ ਵਿੱਚ ਦਿੱਤੇ ਬਿਆਨ ਤੋਂ ਕੁਝ ਦਿਨ ਬਾਅਦ ਅਤੇ ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਹੋਈ ਹੈ।
ਸੋਮਵਾਰ (20 ਅਗਸਤ) ਦੀ ਸ਼ਾਮ ਨੂੰ ਹੋਈ ਇਸ ਮੁਲਾਕਾਤ ਨੂੰ ਭਾਵੇਂ ਗਿਆਨੀ ਗੁਰਬਚਨ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਆਮ ਮੁਲਾਕਾਤ ਦਿੱਸਿਆ ਗਿਆ ਪਰ ਇਹ ਮੁਲਾਕਾਤ ਯਕੀਨਨ ਆਮ ਹਾਲਾਤ ਵਿੱਚ ਹੋਣ ਵਾਲੀ ਮੁਲਾਕਾਤ ਨਹੀਂ ਹੈ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਥਿਤ ਮਾਫੀ ਦਿਵਾਉਣ, ਬਰਗਾੜੀ ਅਤੇ ਹਰੋਨਾਂ ਥਾਵਾਂ ’ਤੇ ਹੋਈ ਗੁਰੂ ਗ੍ਰਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਸਿੱਖਾਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਮਾਮਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਚਾਲਕ ਬਾਦਲ ਪਰਵਾਰ ਦੀ ਭੂਮਿਕਾ ਦਾ ਜ਼ਿਕਰ ਜਸਟਿਸ ਰਣਜੀਤ ਸਿੰਘ ਦੇ ਜਾਂਚ ਲੇਖੇ ਵਿੱਚ ਆਉਣ ਤੋਂ ਬਾਅਦ ਬਾਦਲ ਦਲ ਇਸ ਜਾਂਚ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਲਈ ਹਰ ਹਰਭਾ ਵਰਤ ਰਿਹਾ ਹੈ।
ਲੰਘੇ ਦਿਨ ਵੀ ਜਿਸ ਵੇਲੇ ਗਿਆਨੀ ਗੁਰਬਚਨ ਸਿੰਘ ਤੇ ਹੋਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ ਉਸੇ ਵੇਲੇ ਇਕ ਹੋਰ ਸਾਬਕਾ ‘ਜਥੇਦਾਰ’ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ, ਜੋ ਉਸ ਦਾ ਨਿੱਜੀ ਸਹਾਇਕ ਵੀ ਰਿਹਾ ਹੈ, ਚੰਡੀਗੜ੍ਹ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨਾਂ ਤੋਂ ਮੁੱਕਰਣ ਦਾ ਐਲਾਨ ਕਰ ਰਿਹਾ ਸੀ।
ਦੱਸਣਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਉੱਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਦੋਸ਼ ਲੱਗਦੇ ਰਹੇ ਹਨ। ਉਸ ਵੱਲੋਂ ਅਪਰੈਲ 2017 ਵਿੱਚ ਇਸ ਮਾਫੀ ਲਈ ਸੁਖਬੀਰ ਸਿੰਘ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਵੱਲੋਂ ਜਥੇਦਾਰਾਂ ’ਤੇ ਦਬਾਅ ਬਣਾਉਣ ਦਾ ਖੁਲਾਸਾ ਕਰਨ ਤੋਂ ਬਾਅਦ ਉਸ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ। ਪਰ ਲੰਘੀ 3 ਅਪਰੈਲ ਨੂੰ ਅਚਾਨਕ ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋ.ਗੁ.ਪ੍ਰ.ਕ. ਨੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਵੱਜੋਂ ਬਹਾਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੀ ਉਸ ਦਾ ਭਰਾ ਤੇ ਵਿਸ਼ਵਾਸ਼ਪਾਤਰ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਮੁੱਕਰਿਆ ਹੈ।
ਅਜਿਹੇ ਹਾਲਾਤ ਵਿੱਚ ਸਿੱਖ ਸਫਾਂ ਵਿੱਚ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਗਏ ਤਿੰਨਾਂ ਜਥੇਦਾਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਨੂੰ ਖਾਸ ਅਹਿਮਅਤ ਨਾਲ ਵੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਜਥੇਦਾਰ ਬਾਦਲਾਂ ਦਾ ਕੋਈ ਖਾਸ ਸੁਨੇਹਾ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੇ ਹੋ ਸਕਦੇ ਹਨ।
ਯਾਦ ਰਹੇ ਕਿ ਭਾਈ ਬਲਵੰਤ ਸਿੰਘ ਦੀ ਫਾਂਸੀ ਵਿਰੁਧ ਸ਼੍ਰੋ.ਗੁ.ਪ੍ਰ.ਕ. ਵੱਲੋਂ ਭਾਰਤੀ ਰਾਸ਼ਟਰਪਤੀ ਕੋਲ ਪਾਈ ਗਈ ‘ਮੁੜਵਿਚਾਰ ਅਰਜੀ’ ਨੂੰ ਮਨਜੂਰ ਕਰਨ ਬਾਰੇ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨਾਲ ਮੁਕਾਕਾਤ ਕੀਤੀ ਸੀ।
ਇਸ ਤੋਂ ਕੁਝ ਕੁ ਦਿਨ ਪਹਿਲਾਂ ਹੀ ਆਪਣੀ ਰਾਜਿੰਦਰਾ ਹਸਪਤਾਲ ਦੀ ਫੇਰੀ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ‘ਰਿਫਰੈਂਡਮ 2020’ ਮੁਹਿੰਮ ਤਹਿਤ ਕੀਤੇ ਗਏ ‘ਲੰਡਨ ਐਲਾਨਨਾਮੇ’ ਦੀ ਅਲੋਚਨਾ ਕਰਦਿਆਂ ਇਸ ਨੂੰ ਸ਼੍ਰੋ.ਅ.ਦ. (ਬਾਦਲ) ਨੂੰ ਕਮਜੋਰ ਕਰਨ ਦੀ ਸਾਜਿਸ਼ ਕਰਾਰ ਦਿੱਤਾ ਸੀ।
Related Topics: Behbal Kalan Goli Kand, Bhai Balwant Singh Rajoana, Giani Gurbachan Singh, Justice Ranjeet Singh Commission, Punjab Politics, SGPC, Shiromani Akali Dal, Sikh Political Prisoners