May 9, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅੰਬਾਲਾ ਦੀ ਅਦਾਲਤ ਦੇ ਸੈਸ਼ਨ ਜੱਜ ਰਾਜੇਸ਼ ਗੁਪਤਾ ਵੱਲੋਂ ਇਕ ਕੇਸ ਦੀ ਸੁਣਵਾਈ ਦੌਰਾਨ ਅੰਮ੍ਰਿਤਧਾਰੀ ਨੌਜਵਾਨ ਨੂੰ ਗਵਾਹੀ ਦੇਣ ਤੋਂ ਰੋਕਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਨੂੰ ਇਨਸਾਫ ਨਜ਼ਰ ਨਾ ਆਵੇ ਤਾਂ ਇਨਸਾਫ ਲਈ ਅਦਾਲਤ ਦਾ ਸਹਾਰਾ ਲੈਂਦਾ ਹੈ। ਹਰ ਕੇਸ ਵਿੱਚ ਗਵਾਹ ਉਸ ਲਈ ਅਹਿਮ ਹੁੰਦਾ ਹੈ, ਪਰ ਜਦੋਂ ਨਿਆਂ ਦੇਣ ਵਾਲਾ ਜਾਂ ਫਿਰ ਕਾਨੂੰਨ ਦਾ ਪਾਠ ਪੜਾਉਣ ਵਾਲਾ ਹੀ ਇਸ ਦੀ ਪਾਲਣਾ ਨਾ ਕਰੇ ਤਾਂ ਫਿਰ ਇਨਸਾਫ ਦੀ ਆਸ ਕਿਥੋਂ ਰਹਿ ਜਾਂਦੀ ਹੈ। ਕੁਝ ਅਜਿਹਾ ਹੀ ਕੀਤਾ ਹੈ ਸੂਬਾ ਹਰਿਆਣਾ ਦੇ ਅੰਬਾਲਾ ‘ਚ ਸੈਸ਼ਨ ਜੱਜ ਰਾਜੇਸ਼ ਗੁਪਤਾ ਨੇ।
ਉਨ੍ਹਾਂ ਕਿਹਾ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਹਰੇਕ ਨਾਗਰਿਕ ਨੂੰ ਆਪਣੇ-ਆਪਣੇ ਧਰਮ ‘ਚ ਪ੍ਰਪੱਕ ਰਹਿਣ ਦਾ ਪੂਰਾ ਅਧਿਕਾਰ ਹੈ।ਉਨ੍ਹਾਂ ਕਿਹਾ ਕਿ ਸੈਸ਼ਨ ਜੱਜ ਰਾਜੇਸ਼ ਗੁਪਤਾ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਗਵਾਹੀ ਦੇਣ ਤੋਂ ਰੋਕਣਾ ਭਾਰਤ ਵਾਸੀਆਂ ਖਾਸ ਕਰ ਸਿੱਖਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਨਿਆਂ ਦੀ ਕੁਰਸੀ ‘ਤੇ ਬੈਠਣ ਵਾਲੇ ਲੋਕ ਅਜਿਹੀ ਸੋਚ ਰੱਖਦੇ ਹਨ ਤਾਂ ਇਨਸਾਫ ਲਈ ਹੋਰ ਕੋਈ ਦਰਵਾਜ਼ਾ ਰਹਿ ਹੀ ਨਹੀਂ ਜਾਂਦਾ ਇਸ ਲਈ ਇਸ ਜੱਜ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
Related Topics: Kirpan, Kirpan Issue, Shiromani Gurdwara Parbandhak Committee (SGPC), Sikh Kirpan