December 16, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (15 ਦਸੰਬਰ, 2015): ਅਮਰੀਕਾ ਵਿੱਚ ਕੈਲੀਫੋਰਨੀਆ ਦੇ ਸਾਨ ਡਿਆਗੋ ਸ਼ਹਿਰ ਵਿੱਚ ਫੁੱਟਬਾਲ ਮੈਚ ਦੇਖਣ ਜਾ ਰਹੇ ਦਸਤਾਰਧਾਰੀ ਸਿੱਖਾਂ ਨੂੰ ਸੁਰੱਖਿਆ ਅਮਲੇ ਵੱਲੋਂ ਦਸਤਾਰਾਂ ਸਜਾਈਆਂ ਹੋਣ ਕਾਰਨ ਸਟੇਡੀਅਮ ਵਿੱਚ ਜਾਣ ਤੋਂ ਰੋਕਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਅਮਨਪਸੰਦ ਕੌਮ ਹੈ ਅਤੇ ਇਸ ਦੇ ਧਾਰਮਿਕ ਚਿੰਨ੍ਹਾਂ ਨੂੰ ਅਸ਼ਾਂਤੀ ਤੇ ਅਸੁਰੱਖਿਆ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਦੀ ਦਸਤਾਰ ਕਰਕੇ ਉਨ੍ਹਾਂ ਦੀ ਤੁਲਨਾ ਮੁਸਲਮਾਨਾਂ ਨਾਲ ਕਰਦਿਆਂ ਹਿੰਸਕ ਘਟਨਾਵਾਂ ਵਿੱਚ ਰੋਜ਼ਾਨਾ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਥੋਂ ਦੇ ਵਸਨੀਕਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਤਾਂ ਜੋ ਆਪਸੀ ਭਾਈਚਾਰਕ ਸਾਂਝ ਵਿੱਚ ਕਿਸੇ ਕਿਸਮ ਦੀ ਫਿਰਕੂ ਭਾਵਨਾ ਭਾਰੂ ਨਾ ਹੋ ਸਕੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਅਮਰੀਕੀ ਫੌਜ ਵੱਲੋਂ ਲੜਾਕੂ ਦਸਤੇ ਦੇ ਸਿੱਖ ਨੌਜਵਾਨ ਸਿਮਰਤਪਾਲ ਸਿੰਘ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣ ’ਤੇ ਅਮਰੀਕਾ ਫੌਜ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਮਗਰੋਂ ਇਹ ਪਹਿਲਾ ਮਾਮਲਾ ਹੈ ਕਿ ਜਦੋਂ ਫੌਜ ਦੇ ਲੜਾਕੂ ਦਸਤੇ ਵਿੱਚ ਤਾਇਨਾਤ ਕਿਸੇ ਨੌਜਵਾਨ ਨੂੰ ਧਾਰਮਿਕ ਅਾਧਾਰ ’ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਲਈ ੳੁਨ੍ਹਾਂ ਅਮਰੀਕਾ ਦੀ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
Related Topics: Avtar Singh Makkar, Dastar Isuue, Shiromani Gurdwara Parbandhak Committee (SGPC), Sikh Turban