May 21, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, ਪੰਜਾਬ (ਮਈ 21, 2014): ਸਿੱਖ ਸਿਆਸਤ ਨਿਊਜ਼ ਨੂੰ ਭੇਜੇ ਇਕ ਲਿਖਤੀ ਬਿਆਨ ਵਿਚ ਸਿੱਖ ਜਥੇਬੰਦੀ ਦਲ ਖਾਲਸਾ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਕਮੇਟੀ ਦਾ ਅਸਫਲ ਪ੍ਰਧਾਨ ਕਰਾਰ ਦੇਂਦਿੰਆ ਕਿਹਾ ਕਿ ਜਥੇ ਮੱਕੜ ਨਾਨਕਸ਼ਾਹੀ ਕੈਲੰਡਰ ਮੁੱਦੇ ਉਤੇ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚਾਲੇ ਫੁੱਟ ਪਾਉਣ ਦੀਆਂ ਕੋਸ਼ਿਸ਼ਾ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਉਸ ਦਾਅਵੇ ਜਿਸ ਅਨੁਸਾਰ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸਿੱਖ ਸੰਗਤ ਨੇ ਸੋਧੇ ਹੋਏ ਕੈਂਲਡਰ ਨੂੰ ਪ੍ਰਵਾਨਗੀ ਦੇ ਦਿਤੀ ਹੈ ਉਤੇ ਤਿਖੀ ਪ੍ਰਤੀਕਿਰਿਆ ਕਰਦੇ ਹੋਏ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇ ਮੱਕੜ ਅਤੇ ਉਹਨਾਂ ਦੀ ਟੀਮ ਜੋ ਗੁਆਂਢੀ ਮੁਲਕ ਦੇ ਦੌਰੇ ਉਤੇ ਗਈ ਹੋਈ ਹੈ, ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਸਿੱਖਾਂ ਨੂੰ ਲਫਜੀ ਜਾਲ ਵਿੱਚ ਉਲਝਾਉਣ ਦੀ ਕੋਸ਼ਿਸ ਕੀਤੀ ਹੈ। ਉਹਨਾਂ ਕਿਹਾ ਮੱਕੜ ਸਾਹਿਬ ਸਿੱਖਾਂ ਨੂੰ ਧੋਖਾ ਦੇ ਰਹੇ ਹਨ ਅਤੇ ਆਪਣੇ ਆਕਾਵਾਂ (ਬਾਦਲ ਸਾਹਿਬ) ਵਾਂਗ ਉਥੇ ਜਾ ਕੇ ਵੀ ਵੰਡੀਆਂ ਪਾਉਣ ਵਾਲੀ ਰਾਜਨੀਤੀ ਖੇਡ ਰਹੇ ਹਨ।
ਉਹਨਾਂ ਦਸਿਆ ਕਿ ਜਥੇਬੰਦੀ ਦੇ ਇਂਗਲੈਂਡ ਸਥਿਤ ਆਗੂ ਮਨਮੋਹਣ ਸਿੰਘ ਜੋ ਕਿ ਪਾਕਿਸਤਾਨ ਕਮੇਟੀ ਦੀ ਸਲਾਹਕਾਰ ਬੋਰਡ ਦੇ ਵੀ ਮੈਂਬਰ ਹਨ, ਅਨੁਸਾਰ ਪਾਕਿਸਤਾਨ ਗੁਰਦੁਆਰਾ ਪੈਨਲ ਨੇ ਸੋਧੇ ਹੋਏ ਕੈਲੰਡਰ ਨੂੰ ਮਾਨਤਾ ਦੇਣ ਬਾਰੇ ਕੋਈ ਵੀ ਫੈਸਲਾ ਨਹੀ ਲਿਆ ਹੈ। ਉਹਨਾਂ ਕਿਹਾ ਕਿ ਮਨਮੋਹਣ ਸਿੰਘ ਅਨੁਸਾਰ ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇ ਪਾਤਿਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ 8 ਜੂਨ ਤੋਂ ਲੈ ਕੇ 16 ਜੂਨ ਤੱਕ ਮਨਾਇਆ ਜਾਵੇਗਾ।
ਉਹਨਾਂ ਮੰਨਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਭਾਈਚਾਰੇ ਅੰਦਰ ਤਿੱਖੇ ਮਤਭੇਦ ਹਨ। ਉਹਨਾਂ ਦਾਅਵਾ ਕੀਤਾ ਕਿ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਦੇ 2 ਮੈਂਬਰ (ਸੁਖਦੇਵ ਸਿੰਘ ਭੌਰ ਅਤੇ ਕਰਨੈਲ ਸਿੰਘ ਪੰਜੋਲੀ), ਪਾਕਿਸਤਾਨ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ-ਧਾਰਮਿਕ-ਸਿਆਸੀ ਜਥੇਬੰਦੀਆਂ ਜਿਨਾਂ ਵਿੱਚ ਦਲ ਖਾਲਸਾ ਵੀ ਸ਼ਾਮਿਲ ਹੈ, ਅੱਜ ਵੀ 2003 ਵਿੱਚ ਲਾਗੂ ਕੀਤੇ ਗਏ ਮੂਲ ਕੈਲੰਡਰ ਉਤੇ ਕਾਇਮ ਹਨ।
ਦਲ ਖਾਲਸਾ ਦੇ ਆਗੂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੱਖਪਾਤ ਵਾਲਾ ਰੋਲ ਨਿਭਾਉਣ ਦੀ ਥਾਂ ਇਸ ਮੁੱਦੇ ਉਤੇ ਕੌਮੀ ਰਾਏ ਬਨਾਉਣ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਬਾਦਲਕਿਆਂ ਦੀ ਸੌੜੀ ਅਤੇ ਪੱਖਪਾਤੀ ਰਾਜਨੀਤੀ ਤੋਂ ਉਪਰ ਉਠੱਕੇ ਹਾਂ-ਪੱਖੀ ਭੂਮਿਕਾ ਨਿਭਾਉਣ ਜਿਸ ਨਾਲ ਕੌਮ ਅੰਦਰ ਇਕਸੁਰਤਾ ਪੈਦਾ ਹੋ ਸਕੇ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਅਤੇ ਹੋਂਦ ਦਾ ਪ੍ਰਤੀਕ ਹੈ ਅਤੇ ਇਸ ਵਿੱਚ ਕੀਤੀਆਂ ਗੈਰ-ਜ਼ਰੂਰੀ ਸੋਧਾਂ ਨੇ ਇਸ ਦੀ ਮੂਲ ਭਾਵਨਾ ਨੂੰ ਸੱਟ ਮਾਰੀ ਹੈ।
Read English Version:
Related Topics: Avtar Singh Makkar, Dal Khalsa International, Kanwar Pal Singh Bittu, Nanakshahi Calendar, Shiromani Gurdwara Parbandhak Committee (SGPC)