ਆਮ ਖਬਰਾਂ » ਸਿੱਖ ਖਬਰਾਂ

ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਬਾਰੇ ਵਰਲਡ ਯੂਨੀਵਰਸਿਟੀ ਵਿਖੇ ਹੋਈ ਗੋਸ਼ਟੀ

April 22, 2016 | By

ਫ਼ਤਹਿਗੜ੍ਹ ਸਾਹਿਬ: ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਬਾਰੇ ਗੋਸ਼ਟੀ ਸਮਾਗਮ ਹੋਇਆ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ, ਡਾ. ਗੁਰਮੋਹਨ ਸਿੰਘ ਵਾਲੀਆ ਨੇ ਕੀਤੀ। ਇਸ ਸਮਾਗਮ ਵਿਚ ਪ੍ਰ੍ਹੋ ਜੋਗਾ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਸੁਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਗੁਰਪਾਲ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਹਰਦੇਵ ਸਿੰਘ ਵਿਰਕ ਅਤੇ ਤਰਲੋਚਨ ਸਿੰਘ ਮਹਾਜਨ, ਖਾਲਸਾ ਕਾਲਜ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਪਦਮ ਸ਼੍ਰੀ ਪ੍ਰ੍ਹੋ ਸੁਰਜੀਤ ਪਾਤਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਗੋਸ਼ਟੀ ਸਮਾਗਮ ਦੇ ਸਰੂਪ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।

ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ

ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ ਪਹੁੰਚੇ ਹੋਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ

ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬੀ ਰਾਹੀਂ ਵਿਗਿਆਨ ਪੜ੍ਹਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਅੰਗਰੇਜ਼ੀ ਰਾਹੀਂ ਲੰਮੇ ਸਮੇਂ ਤੋਂ ਪੜ੍ਹਾਈ ਜਾ ਰਹੀ ਵਿਗਿਆਨ ਦੇ ਨਤੀਜੇ ਕੋਈ ਬਹੁਤੇ ਸਾਰਥਕ ਨਹੀਂ ਨਿਕਲੇ। ਅੰਗਰੇਜ਼ੀ ਰਾਹੀਂ ਪੜ੍ਹੇ ਅੱਜ ਦੇ ਵਿਦਿਆਰਥੀ ਅੰਗਰੇਜ਼ੀ ਵਿਚ ਵੀ ਕੋਈ ਖਾਸ ਮੁਹਾਰਤ ਨਹੀਂ ਰੱਖਦੇ। ਵਾਈਸ ਚਾਂਸਲਰ ਨੇ ਕਿਹਾ ਕਿ ਸਾਨੂੰ ਹੁਣ ਪੰਜਾਬੀ ਰਾਹੀਂ ਵਿਗਿਆਨ ਦੀ ਪੜ੍ਹਾਈ ਕਰਾਉਣ ਲਈ ਕੁਝ ਯੋਜਨਾਵਾਂ ਅਤੇ ਮਾਰਗ ਉਲੀਕਣ ਦੀ ਲੋੜ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਕੰਵਲਜੀਤ ਸਿੰਘ ਵੀ ਮੌਜੂਦ ਸਨ।

ਪ੍ਰ੍ਹੋ ਜੋਗਾ ਸਿੰਘ ਨੇ ਦੁਨੀਆਂ ਭਰ ਦੇ ਅੰਕੜਿਆਂ ਰਾਹੀਂ ਸਿੱਖਿਆ, ਸਾਇੰਸ ਅਤੇ ਵੱਖਖ਼ਵੱਖ ਖੇਤਰਾਂ ਵਿਚ ਮੋਹਰੀ ਰਹਿਣ ਵਾਲੇ ਮੁਲਕਾਂ ਦੀ ਉਦਾਹਰਣ ਦਿੰਦਿਆਂ ਸਿੱਧ ਕੀਤਾ ਕਿ ਜਿੰਨ੍ਹਾਂ ਮੁਲਕਾਂ ਵਿਚ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਰਹੀ ਹੈ, ਉਹ ਮੁਲਕ ਹੀ ਗਿਆਨ ਦੀ ਸਿਰਜਣਾ ਵਿਚ ਮੋਹਰੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੇ ਪਾਸਾਰ ਨਾਲ ਲੋਕ ਮਾਨਸਿਕਤਾ ਵਿਚੋਂ ਮਾਤ ਭਾਸ਼ਾ ਲਈ ਹੀਣਤਾ ਵਾਲੀ ਬਿਰਤੀ ਦੂਰ ਕੀਤੀ ਜਾ ਸਕਦੀ ਹੈ।

ਇਸ ਮੌਕੇ ਡਾ. ਸੁਰਜੀਤ ਸਿੰਘ ਨੇ ਇਹ ਨੁਕਤਾ ਸਾਂਝਾ ਕੀਤਾ ਕਿ ਪੰਜਾਬੀ ਨੂੰ ਪਰਫੁੱਲਤ ਕਰਨ ਲਈ ਵਿਗਿਆਨ ਦੇ ਅਧਿਆਪਕਾਂ ਨੂੰ ਸੰਵੇਦਨਸ਼ੀਲ ਕਰਨ ਦੀ ਲੋੜ ਹੈ ਜਿਸ ਨਾਲ ਅਸੀਂ ਬਹੁ ਗਿਣਤੀ ਲੋਕਾਂ ਨੂੰ ਵਿਗਿਆਨ ਦੀ ਗੱਲ ਦੱਸ ਸਕਾਂਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਵਿਦਿਆ ਪ੍ਰਬੰਧ ਬਹੁਤ ਥੋੜੇ ਲੋਕਾਂ ਦੀਆਂ ਲੋੜਾਂ *ਤੇ ਕੇਂਦਰਤ ਹੈ। ਪੇਂਡੂ ਵਿਦਿਆਰਥੀਆਂ ਨੂੰ ਇਸ ਵਿਦਿਅਕ ਪ੍ਰਬੰਧ ਵਿਚੋਂ ਦਰਕਿਨਾਰ ਕਰ ਦਿੱਤਾ ਗਿਆ ਹੈ।

ਇਸ ਮੌਕੇ ਡਾ. ਕੁਲਦੀਪ ਸਿੰਘ ਧੀਰ ਨੇ ਕਿਹਾ ਕਿ ਪੰਜਾਬੀ ਵਿਚ ਵਿਗਿਆਨ ਦੀ ਪੜ੍ਹਾਈ ਸੰਬੰਧੀ ਜਿਹੜੀ ਵਿਸ਼ੇਸ਼ ਮੁਸ਼ਕਲ ਆ ਰਹੀ ਹੈ ਉਹ ਸ਼ਬਦਾਵਲੀ ਅਤੇ ਸੰਕਲਪਾਂ ਦੀ ਵਿਆਖਿਆ ਬਾਰੇ ਹੈ। ਵਿਗਿਆਨਿਕ ਸ਼ਬਦਾਵਲੀ ਬਾਰੇ ਸਾਨੂੰ ਆਪਣੀ ਪਰੰਪਰਾ ਅਤੇ ਇਤਿਹਾਸ ਵਿਚੋਂ ਸੋਝੀ ਪ੍ਰਾਪਤ ਕਰ ਕੇ ਇਕ ਠੀਕ ਰਾਇ ਬਣਾਉਣ ਦੀ ਸਖਤ ਲੋੜ ਹੈ।

ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਅਸੀਂ ਮਨੋਵਿਗਿਆਨ, ਦਰਸ਼ਨ, ਸਮਾਜ ਵਿਗਿਆਨ ਆਦਿ ਨੂੰ ਠੀਕ ਤਰੀਕੇ ਪੰਜਾਬੀ ਵਿਚ ਪੜ੍ਹਾ ਸਕਦੇ ਹਾਂ ਤਾਂ ਕੁਦਰਤੀ ਵਿਗਿਆਨਾਂ ਨੂੰ ਪੜ੍ਹਾਉਣਾ ਵੀ ਸੰਭਵ ਹੈ। ਅਖੀਰ ਵਿਚ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਨੇ ਆਏ ਹੋਏ ਬੁਲਾਰਿਆਂ, ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿਚ ਡਾ. ਸੇਵਕ ਸਿੰਘ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ, ਮਕੈਨੀਕਲ ਵਿਭਾਗ ਦੇ ਮੁਖੀ, ਡਾ. ਸੁਖਵਿੰਦਰ ਸਿੰਘ ਜੌਲੀ, ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਡਾ. ਤੇਜਬੀਰ ਸਿੰਘ, ਗਣਿਤ ਵਿਭਾਗ ਦੇ ਮੁਖੀ, ਡਾ. ਸੁਖਵਿੰਦਰ ਸਿੰਘ ਬਿਲਿੰਗ, ਕੰਪਿਊਟਰ ਸਾਇੰਸ ਦੇ ਮੁਖੀ, ਡਾ. ਨਵਦੀਪ ਕੌਰ, ਇਲੈਕਟ੍ਰੋਨਿਕਸ ਵਿਭਾਗ ਦੇ ਮੁਖੀ ਪ੍ਰ੍ਹੋ ਗੁਰਜਿੰਦਰ ਸਿੰਘ, ਲਾਇਬ੍ਰੇਰੀ ਸਾਇੰਸ ਵਿਭਾਗ ਤੋਂ ਡਾ. ਖੁਸ਼ਪ੍ਰੀਤ ਸਿੰਘ, ਅਤੇ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਸਿਕੰਦਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਅਮਰਜੀਤ ਸਿੰਘ ਅਤੇ ਬੀਬਾ ਭਿੰਦਰ ਕੌਰ ਆਦਿ ਸ਼ਾਮਲ ਸਨ। ਇਸ ਤੋਂ ਬਿਨਾਂ ਪੰਜਾਬੀ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਰਥੀ ਵੀ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,