November 30, 2014 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ, 29 ਨਵੰਬਰ, 2014): ਸਿੱਖਾਂ ਨੂੰ ਆਪਣੀ ਨਵੇਕਲੀ ਪਛਾਣ ਅਤੇ ਰਹਿਣੀ ਬਹਿਣੀ ਕਰਕੇ ਜਿੱਥੇ ਵਿਦੇਸ਼ਾਂ ਵਿੱਚ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਉਨ੍ਹਾਂ ਨੂੰ ਆਪਣੀ ਜੰਮਣ ਭੌਂ ਪੰਜਾਬ, ਸਿੱਖਾਂ ਨੇ ਆਪਣੀ ਕੌਮੀ ਪਛਾਣ ਲਈ ਅਤਿ ਅੰਤ ਸ਼ਹਾਦਤਾਂ ਦਿੱਤੀਆਂ, ਵਿੱਚ ਹੀ ਸਿੱਖਾਂ ਦੀ ਸ਼ਾਂਨ ਅਤੇ ਧਰਮ ਦੇ ਅਨਿੱਖੜੇਂ ਅੰਗ ਦਸਤਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਅੱਜ ਇਸ ਤਰਾਂ ਦੀ ਹੀ ਇੱਕ ਘਟਨਾ ਹੁਸ਼ਿਆਰਪੁਰ ਵਿੱਚ ਵਾਪਰੀ। ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਪੈਂਦੇ ਸੈਂਟ ਜੋਜ਼ਫ਼ ਸਕੂਲ ਰਾਮ ਕਲੋਨੀ ਕੈਂਪ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਦੀ ਪ੍ਰਿੰਸੀਪਲ ਨੇ ਨੌਵੀ ਅਤੇ ਦਸਵੀਂ ਵਿਚ ਪੜ੍ਹਦੇ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਅਤੇ ਇੱਕ ਪੀਰੀਅਡ ਲਈ ਸਿਰਫ਼ ਇਸ ਕਰਕੇ ਕਲਾਸ ਵਿੱਚੋਂ ਕੱਢ ਦਿੱਤਾ ਕਿਉਂਕਿ ਉਨ੍ਹਾਂ ਪੱਗੜੀ ਬੰਨ੍ਹੀ ਹੋਈ ਸੀ।
ਵਿਦਿਆਰਥੀਆਂ ਦੇ ਮਾਪਿਆ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਸਕੂਲ ਵਿਚ ਪਹੁੰਚ ਕਰਕੇ ਮਾਮਲੇ ਦੀ ਪੜਤਾਲ ਕਰਨ ਦੀ ਕੋਸ਼ਿਸ ਕੀਤੀ ਤਾਂ ਸਕੂਲ ਦੀ ਪ੍ਰਿੰਸੀਪਲ ਨੇ ਉਨਾ੍ਹਂ ਦੀ ਕੋਈ ਗੱਲ ਨਾ ਸੁਣੀ ਜਿਸ ਤੋਂ ਨਾਰਾਜ਼ ਮਾਪਿਆਂ ਨੇ ਆਪਣੇ ਸਮਰਥਕਾਂ ਨੂੰ ਸਕੂਲ ਸੱਦ ਲਿਆ।
ਨਾਰਾਜ਼ ਮਾਤਾ-ਪਿਤਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਤੁਰੰਤ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਜ਼ਿਲ੍ਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਸਭ ਤੋਂ ਮਾੜੀ ਗੱਲ ਇਹ ਸੀ ਕਿ ਜਦੋਂ ਬੱਚਿਆਂ ਦੇ ਮਾਪੇ ਸਕੂਲ ਦੀ ਪ੍ਰਿਸੀਪਲ ਨੂੰ ਮਿਲਣ ਲਈ ਦਫ਼ਤਰ ਵਿਚ ਗਏ ਤਾਂ ਉਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ । ਥਾਣਾ ਸਦਰ ਦੇ ਮੁਖੀ ਪ੍ਰੇਮ ਕੁਮਾਰ ਨੇ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਵਿਦਿਆਰਥੀ ਪੱਗੜੀ ਬੰਨ੍ਹ ਕੇ ਸਕੂਲ ਆ ਸਕਦੇ ਹਨ।
ਪੁਲਿਸ ਵਲੋਂ ਮਿਲੇ ਭਰੋਸੇ ਤੋਂ ਬਾਅਦ ਮਾਤਾ ਪਿਤਾ ਸ਼ਾਂਤ ਹੋਏ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਬਿਠਾਇਆ ਗਿਆ। ਇਸ ਮੌਕੇ ਸ: ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਂਸਲ ਸ੍ਰੋਮਣੀ ਅਕਾਲੀ, ਰਾਜਵੀਰ ਸਿੰਘ ਮਿਨਹਾਸ ਆਦਿ ਹਾਜ਼ਰ ਸਨ।
Related Topics: Dastar Isuue