June 14, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਸਮੇਸ਼ ਪਿਤਾ ਦੇ ਪਰਿਵਾਰ ਖਿਲਾਫ ਟਿੱਪਣੀ ਕਰਨ ਵਾਲੇ ਨੀਲਧਾਰੀ ਮੁਖੀ ਸਤਨਾਮ ਸਿੰਘ ਪਿਪਲੀਵਾਲੇ ਨੂੰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਮੰਗਲਵਾਰ (13 ਜੂਨ) ਨੂੰ ਹੋਈ ਜਥੇਦਾਰਾਂ ਦੀ ਇਕੱਤਰਤਾ ਵਿੱਚ ਮੁਆਫ ਕਰ ਦਿੱਤਾ ਗਿਆ ਹੈ। ਜਥੇਦਾਰਾਂ ਨੇ ਇਹ ਕੋਸ਼ਿਸ਼ ਪਹਿਲਾਂ ਵੀ 4 ਅਪਰੈਲ 2017 ਨੂੰ ਹੋਈ ਇਕੱਤਰਤਾ ਵਿਚ ਕੀਤੀ ਸੀ ਪਰ ਉਸ ਵੇਲੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਉਸ ਹੁਕਮਨਾਮੇ ਤੇ ਦਸਤਖਤ ਕਰਨ ਤੋਂ ਇਹ ਕਹਿਕੇ ਨਾਂਹ ਕਰ ਦਿੱਤੀ ਸੀ ਕਿ ਪਹਿਲਾਂ ਸਤਨਾਮ ਸਿੰਘ ਪਿਪਲੀਵਾਲਾ ਖੁਦ ਆਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ। ਹਾਲਾਂਕਿ 4 ਅਪ੍ਰੈਲ ਦੀ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਸਤਨਾਮ ਸਿੰਘ ਵਲੋਂ ਭੇਜਿਆ ਸਪੱਸ਼ਟੀਕਰਨ ਪ੍ਰਵਾਨ ਕਰ ਲਿਆ ਐਲਾਨਿਆ ਸੀ ਪਰ ਗਿਆਨੀ ਗੁਰਮੁਖ ਸਿੰਘ ਵਲੋਂ ਜਨਤਕ ਤੌਰ ‘ਤੇ ਇਤਰਾਜ਼ ਚੁੱਕਣ ਕਰਕੇ ਕੀਤਾ ਐਲਾਨ ਵਾਪਿਸ ਲੈ ਲਿਆ। ਮੰਗਲਵਾਰ ਦੀ ਇਕਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ, ਗਿਆਨੀ ਇਕਬਾਲ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਸ਼ਾਮਿਲ ਹੋਏ।
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਪ੍ਰਧਾਨ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਤਖਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਪ੍ਰਧਾਨ ਚੀਫ ਖਾਲਸਾ ਦੀਵਾਨ, ਮੁਖੀ ਦਮਦਮੀ ਟਕਸਾਲ, ਬੁੱਢਾ ਦਲ, ਨਿਰਮਲੇ ਸੰਪਰਦਾ, ਉਦਾਸੀ ਸੰਪਰਦਾ, ਨੀਲਧਾਰੀ ਸੰਪਰਦਾ, ਸੇਵਾ ਪੰਥੀ ਸੰਪਰਦਾ, ਨਾਨਕਸਰ ਸੰਪਰਦਾ, ਕਾਰਸੇਵਾ ਸੰਪਰਦਾ, ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਆਧਾਰਤ 15 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ।
Related Topics: Giani Gurbachan Singh, Giani Iqbal Singh, Gurduara Gian Godri Hariduar, satnam singh pipliwala, Shiromani Gurdwara Parbandhak Committee (SGPC)