July 29, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਰੇਤ ਦੀਆਂ ਖੱਡਾਂ ਦੀ ਨਿਲਾਮੀ ’ਚ ਹੋਏ ‘ਘਪਲੇ’ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇਐੱਸ ਨਾਰੰਗ ਨੇ ਆਮ ਆਦਮੀ ਪਾਰਟੀ ਦੇ ਵਫ਼ਦ ਨੂੰ ਬੇਰੰਗ ਮੋੜ ਦਿੱਤਾ ਹੈ। ਜਸਟਿਸ ਨਾਰੰਗ ਨੇ ‘ਘਪਲੇ’ ਨਾਲ ਸਬੰਧਤ ਹੋਰ ਦਸਤਾਵੇਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਰੇਤਾ ਦੀਆਂ ਖੱਡਾਂ ਦੀ ਨਿਲਾਮੀ ਘਪਲੇ ਦੀ ਜਾਂਚ ਜਸਟਿਸ ਨਾਰੰਗ ਕਮਿਸ਼ਨ ਨੂੰ ਦਿੱਤੀ ਗਈ ਹੈ ਅਤੇ ‘ਆਪ’ ਦਾ ਵਫਦ ਕਮਿਸ਼ਨ ਨੂੰ ਇਸ ਜਾਂਚ ਨਾਲ ਸਬੰਧਤ ਦਸਤਾਵੇਜ਼ ਦੇਣ ਲਈ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਸਟਿਸ ਨਾਰੰਗ ਤੋਂ ਮਿਲਣ ਲਈ ਸਮਾਂ ਲਿਆ ਸੀ ਅਤੇ ਕੈਬਨਿਟ ਮੰਤਰਾ ਰਾਣਾ ਗੁਰਜੀਤ ਸਿੰਘ ਦੀ ਘਪਲੇ ’ਚ ਸ਼ਮੂਲੀਅਤ ਨਾਲ ਸਬੰਧਤ ਕਾਗ਼ਜ਼ ਦੇਣੇ ਚਾਹੇ ਸਨ। ਖਹਿਰਾ ਨੇ ਇਸ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਜਸਟਿਸ ਨਾਰੰਗ ਨੇ ਨਿਰਪੱਖ ਜਾਂਚ ਦਾ ਭਰੋਸਾ ਤਾਂ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਦਿੱਤੇ ਗਏ ਕਾਗ਼ਜ਼ਾਤ ਰਿਕਾਰਡ ’ਤੇ ਲਿਆਉਣ ਤੋਂ ਨਾਂਹ ਕਰ ਦਿੱਤੀ ਹੈ। ਖਹਿਰਾ ਨੇ ਕਿਹਾ ਹੈ ਕਿ ਨਿਰਪੱਖ ਜਾਂਚ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਜਾਵੇਗਾ।
ਦੂਜੇ ਪਾਸੇ ਸੂਤਰਾਂ ਦਾ ਦੱਸਣਾ ਹੈ ਕਿ ਰਾਣਾ ਗੁਰਜੀਤ ਦੇ ਜਿਨ੍ਹਾਂ ਮੁਲਾਜ਼ਮਾਂ ਨੂੰ ਖੱਡਾਂ ਨਿਲਾਮ ਕੀਤੀਆਂ ਗਈਆਂ ਹਨ ਉਨ੍ਹਾਂ ਤੋਂ ਪਹਿਲਾਂ ਹੀ ਪੁੱਛ-ਗਿੱਛ ਹੋ ਚੁੱਕੀ ਹੈ। ਇਸ ਦੇ ਉਲਟ ਮੰਤਰੀ ਰਾਣਾ ਨੇ ਉਨ੍ਹਾਂ ਨੂੰ ਮੁਲਾਜ਼ਮ ਮੰਨਣ ਤੋਂ ਨਾਂਹ ਕੀਤੀ ਹੈ। ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 29 ਮਈ ਨੂੰ ਇੱਕ ਮੈਂਬਰੀ ਜਾਂਚ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੀ ਮਿਆਦ ਵਿੱਚ ਵਾਧਾ ਵੀ ਕੀਤਾ ਜਾ ਚੁੱਕਾ ਹੈ।
Related Topics: Congress Government in Punjab 2017-2022, corruption, Indian Politics, justice narang, Punjab Politics, Rana Gurjit Singh, Sand Mining, Sukhpal SIngh Khaira