ਫਰਵਰੀ 1921 ਈਸਵੀ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰਤਾ ਦੀ ਬਹਾਲੀ ਲਈ ਅਤੇ ਗੁਰਦੁਆਰਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ਵਿਚੋਂ ਆਜ਼ਾਦ ਕਰਾਉਣ ਲਈ ਪੁੱਜੇ ਸ਼ਾਂਤਮਈ ਸਿੰਘਾਂ ਦੀ ਮਹੰਤ ਦੇ ਬਦਮਾਸ਼ਾਂ ਵੱਲੋਂ ਸ਼ਹੀਦੀ ਨੂੰ ‘ਸਾਕਾ ਨਨਕਾਣਾ ਸਾਹਿਬ’ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਗੁਰਦੁਆਰਿਆਂ ‘ਤੇ ਕਾਬਜ਼ ਮਹੰਤਾਂ ਦਾ ਕਿਰਦਾਰ ਪਲੀਤ ਹੋ ਚੁੱਕਾ ਸੀ।
ਕਈ ਤਰ੍ਹਾਂ ਦੀਆਂ ਕੁਰੀਤੀਆਂ ਮਹੰਤਾਂ ਦੇ ਜੀਵਨ ਦਾ ਅੰਗ ਬਣ ਗਈਆਂ ਸਨ। ਮਹੰਤ ਨਰਾਇਣ ਦਾਸ ਨਸ਼ੇ ਦੇ ਸੇਵਨ, ਅਯਾਸ਼ੀ ਅਤੇ ਆਚਰਣਹੀਣਤਾ ਵਿਚ ਆਪਣੇ ਪੁਰਖਿਆਂ ਤੋਂ ਬਹੁਤ ਅੱਗੇ ਲੰਘ ਗਿਆ ਸੀ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਇਸਤਰੀਆਂ ਦੇ ਅਗਵਾ ਜਿਹੀਆਂ ਘਿਨਾਉਣੀਆਂ ਘਟਨਾਵਾਂ ਤੱਕ ਵਾਪਰਨ ਲੱਗ ਪਈਆਂ। ਅਖੀਰ ਉਸ ਵਕਤ ਪਾਣੀ ਸਿਰ ਉੱਪਰੋਂ ਲੰਘ ਗਿਆ ਜਦ ਮਹੰਤ ਨੇ ਗੁਰਦੁਆਰਾ ਸਾਹਿਬ ਦੇ ਪਾਸ ਕੰਜਰੀਆਂ ਦੇ ਨਾਚ ਕਰਵਾਉਣੇ ਸ਼ੁਰੂ ਕਰ ਦਿੱਤੇ।
ਸਿੱਖ ਅਖ਼ਬਾਰਾਂ ਅਤੇ ਸਿੰਘ ਸਭਾਵਾਂ ਨੇ ਇਸ ਵਿਰੁੱਧ ਅਵਾਜ਼ ਉਠਾਈ ਅਤੇ ਅੰਗਰੇਜ਼ ਸਰਕਾਰ ਤੋਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹੰਤ ਪਾਸੋਂ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ। ਪਰ ਸਰਕਾਰ ਦਾ ਰਵੱਈਆ ਮਹੰਤਾਂ ਪ੍ਰਤੀ ਨਰਮ ਸੀ।
23 ਜਨਵਰੀ ਅਤੇ ਫਿਰ 6 ਫਰਵਰੀ, 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਉਚੇਚੇ ਸਮਾਗਮ ਹੋਏ ਅਤੇ ਮਹੰਤ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਲਿਖੀ ਗਈ, ਜਿਸ ਰਾਹੀਂ ਉਸ ਨੂੰ ਸੁਧਰਨ ਦੀ ਤਾਕੀਦ ਕੀਤੀ ਗਈ । ਇਸ ਦਾ ਉਸ ਉੱਪਰ ਉਲਟਾ ਅਸਰ ਹੋਇਆ ਤੇ ਉਸ ਨੇ ਪੰਥ ਦੇ ਟਾਕਰੇ ਲਈ ਬਦਮਾਸ਼ਾਂ ਦੇ ਟੋਲੇ ਅਤੇ ਹਥਿਆਰ ਆਦਿ ਇਕੱਠੇ ਕਰਨੇ ਆਰੰਭ ਦਿੱਤੇ।
ਅਖੀਰ ਭਾਈ ਲਛਮਣ ਸਿੰਘ, ਸਰਦਾਰ ਤੇਜਾ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਹੋਰ ਸਿੱਖ ਆਗੂਆਂ ਦੀ ਅਗਵਾਈ ਵਿਚ ਸਿੰਘਾਂ ਦੇ ਜਥੇ ਭੇਜ ਕੇ ਚੁੱਪ-ਚੁਪੀਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲੈਣ ਦੀ ਵਿਉਂਤ ਉਲੀਕੀ ਗਈ ਅਤੇ ਵੱਖ-ਵੱਖ ਜਥਿਆਂ ਦੇ 19 ਫਰਵਰੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਣ ਦਾ ਫ਼ੈਸਲਾ ਲਿਆ ਗਿਆ।
ਦੂਸਰੇ ਪਾਸੇ ਸਿੰਘਾਂ ਦੀ ਵਿਉਂਤਬੰਦੀ ਦੀ ਖ਼ਬਰ ਮਹੰਤ ਤੱਕ ਜਾ ਪਹੁੰਚੀ ਤੇ ਉਸ ਨੇ ਟਾਕਰੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਧਰ ਸਿੱਖ ਆਗੂਆਂ ਨੇ ਟਕਰਾਅ ਦੀ ਸਥਿਤੀ ਨੂੰ ਟਾਲਣ ਲਈ ਉਲੀਕੇ ਪ੍ਰੋਗਰਾਮਾਂ ਨੂੰ ਅੱਗੇ ਪਾਉਣ ਦੀ ਸਲਾਹ ਕੀਤੀ ਤਾਂ ਕਿ ਸਾਰਾ ਕੰਮ ਸ਼ਾਂਤਮਈ ਢੰਗ ਨਾਲ ਕੀਤਾ ਜਾ ਸਕੇ ਪਰ ਸਮੇਂ ਦੀ ਘਾਟ ਕਾਰਨ ਭਾਈ ਲਛਮਣ ਸਿੰਘ ਦਾ ਜਥਾ ਜੋ ਚਾਲੇ ਪਾ ਚੁੱਕਾ ਸੀ, ਉਸ ਤਕ ਇਹ ਖ਼ਬਰ ਨਾ ਪਹੁੰਚਾਈ ਜਾ ਸਕੀ।
ਖ਼ਬਰ ਭਾਈ ਲਛਮਣ ਸਿੰਘ ਜੀ ਦੇ ਜਥੇ ਕੋਲ ਪੁੱਜਣ ਤੱਕ ਸਿੰਘ ਅਰਦਾਸਾ ਸੋਧ ਚੁੱਕੇ ਸਨ ਅਤੇ ਉਨ੍ਹਾਂ ਨੇ ਪਿੱਛੇ ਮੁੜਨ ਤੋਂ ਇਨਕਾਰ ਕਰ ਦਿੱਤਾ। ਇੰਜ ਭਾਈ ਲਛਮਣ ਸਿੰਘ ਦੀ ਅਗਵਾਈ ਵਿਚ ਸ਼ਾਂਤਮਈ ਸਿੰਘਾਂ ਦਾ ਜਥਾ 20 ਫਰਵਰੀ ਦੀ ਸਵੇਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜ ਗਿਆ।
ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ, ਪਾਠ ਹੋ ਰਿਹਾ ਸੀ ਕਿ ਮਹੰਤ ਦੇ ਬਦਮਾਸ਼ਾਂ ਨੇ ਇਕ-ਦਮ ਸਿੰਘਾਂ ਉਪਰ ਹਮਲਾ ਕਰ ਦਿੱਤਾ। ਸ਼ਾਂਤਮਈ ਸਿੰਘ ਉਸ ਵਕਤ ਹਥਿਆਰਬੰਦ ਬਦਮਾਸ਼ਾਂ ਦਾ ਟਾਕਰਾ ਕਰਨ ਦੀ ਸਥਿਤੀ ਵਿਚ ਬਿਲਕੁਲ ਨਹੀਂ ਸਨ।
ਮਹੰਤ ਦੇ ਗੁੰਡਿਆਂ ਨੇ ਬਰਛੇ, ਗੰਡਾਸੇ ਅਤੇ ਬੰਦੂਕਾਂ ਦੀ ਖੁੱਲ੍ਹਮ-ਖੁੱਲ੍ਹੀ ਵਰਤੋਂ ਕਰਕੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਜੋ ਅੰਦਰ ਸਨ, ਉਨ੍ਹਾਂ ਨੂੰ ਦਰਵਾਜ਼ੇ ਤੋੜ ਕੇ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ।
ਜ਼ਖ਼ਮੀ ਹੋਏ ਸਿੰਘਾਂ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਤੇ ਇਥੋਂ ਤੱਕ ਕਿ ਇਕ 12 ਸਾਲਾ ਮਾਸੂਮ ਬੱਚੇ ਨੂੰ ਜਿਉਂਦੇ ਅੱਗ ਵਿਚ ਸੁੱਟ ਦਿੱਤਾ ਗਿਆ। ਭਾਈ ਲਛਮਣ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਜੰਡ ਨਾਲ ਬੰਨ੍ਹ ਕੇ ਜਿਉਂਦੇ ਜਲਾ ਦਿੱਤਾ ਗਿਆ।
ਸਰਦਾਰ ਉੱਤਮ ਸਿੰਘ ਨੂੰ ਜਦ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸੇ ਵੇਲੇ ਸਿੱਖ ਆਗੂਆਂ ਤੇ ਸਰਕਾਰ ਨੂੰ ਤਾਰਾਂ ਰਾਹੀਂ ਇਸ ਬਾਰੇ ਸੂਚਿਤ ਕਰ ਦਿੱਤਾ। ਅੰਗਰੇਜ਼ ਡਿਪਟੀ ਕਮਿਸ਼ਨਰ ਦੁਪਹਿਰ ਤਕ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਿਆ ਤੇ ਉਸ ਨੇ ਖੂਨ-ਖਰਾਬਾ ਹੋਇਆ ਅੱਖੀਂ ਦੇਖਿਆ।
ਇਸ ਸਾਕੇ ਤੋਂ ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ‘ਚ ਸਿੰਘ ਸ੍ਰੀ ਨਨਕਾਣਾ ਸਾਹਿਬ ਇਕੱਠੇ ਹੋ ਚੁੱਕੇ ਸਨ। ਸਿੰਘਾਂ ਦੇ ਭਾਰੀ ਇਕੱਠ ਅਤੇ ਰੋਹ ਨੂੰ ਦੇਖਦਿਆਂ ਆਖਰ ਸਰਕਾਰ ਨੂੰ ਝੁਕਣਾ ਪਿਆ ਅਤੇ ਕਮਿਸ਼ਨਰ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖ ਆਗੂਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ।
ਇਸ ਤਰ੍ਹਾਂ ਮਨੁੱਖਤਾ ਦੇ ਰਾਹ-ਦਸੇਰੇ ਗੁਰੂ ਸਾਹਿਬ ਦੇ ਜਨਮ ਅਸਥਾਨ ‘ਤੇ ਪਾਪੀ ਮਹੰਤ ਵੱਲੋਂ ਪਾਏ ਕੁਰੀਤੀਆਂ ਦੇ ਧੱਬਿਆਂ ਨੂੰ ਸ਼ਹੀਦਾਂ ਨੇ ਆਪਣੇ ਖੂਨ ਨਾਲ ਧੋ ਕੇ ਕੌਮ ਨੂੰ ਸੁਰਖਰੂ ਕੀਤਾ।
ਸਾਰੇ ਘਟਨਾਕ੍ਰਮ ਤੋਂ ਬਾਅਦ ਮਹੰਤ ਦੇ ਵਿਰੁੱਧ ਸਰਕਾਰ ਵੱਲੋਂ ਮੁਕੱਦਮਾ ਚਲਾਇਆ ਗਿਆ। ਮਹੰਤ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ, ਜੋ ਹਾਈਕੋਰਟ ਤੋਂ ਕਾਲੇ ਪਾਣੀ ਵਿਚ ਬਦਲ ਗਈ ਪਰ ਇਹ ਸਾਰਾ ਕੁਝ ਮਹਿਜ ਦਿਖਾਵੇ-ਮਾਤਰ ਹੀ ਸੀ ਤੇ ਮਹੰਤ ਦਿੱਲੀ ਦੀ ਜੇਲ੍ਹ ਵਿਚ ਹੀ ਸਜ਼ਾ ਭੁਗਤਦਾ ਰਿਹਾ।