ਆਮ ਖਬਰਾਂ » ਸਿੱਖ ਖਬਰਾਂ

ਰੁਪਿੰਦਰ ਸਿੰਘ ਨੂੰ ਭੇਜਿਆ ਗਿਆ ਪੀ.ਜੀ.ਆਈ; ਰੀੜ ਦੀ ਹੱਡੀ ਵਿੱਚ ਲੱਗੀ ਹੈ ਸੱਟ

October 27, 2015 | By

ਚੰਡੀਗੜ੍ਹ: ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ ਲਗਾ ਕੇ ਗ੍ਰਿਫਤਾਰ ਕੀਤੇ ਗਏ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਅਦਾਲਤ ਵੱਲੋਂ ਫਰਦਿਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ। ਪਰ ਜੇਲ੍ਹ ਦੇ ਡਾਕਟਰਾਂ ਵੱਲੋਂ ਜਖਮੀ ਰੁਪਿੰਦਰ ਸਿੰਘ ਨੂੰ ਸਿਵਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਵੇਖਦਿਆਂ ਮੈਡੀਕਲ ਕਾਲੇਜ ਫਰੀਦਕੋਟ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ।ਪਰ ਰੀੜ ਦੀ ਹੱਡੀ ਤੇ ਜਿਆਦਾ ਸੱਟ ਹੋਣ ਕਾਰਨ ਕੱਲ੍ਹ ਰਾਤ ਵੇਲੇ ਰੁਪਿੰਦਰ ਸਿੰਘ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।ਸੂਤਰਾਂ ਅਨੁਸਾਰ ਰੁਪਿੰਦਰ ਸਿੰਘ ਦੀ ਰੀੜ ਦੀ ਹੱਡੀ ਵਿੱਚ ਸੱਟ ਲੱਗਣ ਕਾਰਨ ਉਸ ਨੂੰ ਆਪਣੀ ਖੱਬੀ ਲੱਤ ਬਾਰੇ ਮਹਿਸੂਸ ਹੋਣਾ ਬੰਦ ਹੋ ਗਿਆ ਹੈ।

ਹਸਪਤਾਲ ਵਿੱਚ ਰੁਪਿੰਦਰ ਸਿੰਘ

ਹਸਪਤਾਲ ਵਿੱਚ ਰੁਪਿੰਦਰ ਸਿੰਘ

ਜਿਕਰਯੋਗ ਹੈ ਕਿ 14 ਅਕਤੂਬਰ ਨੂੰ ਕੋਟਕਪੂਰੇ ਵਿਖੇ ਪੁਲਿਸ ਵੱਲੋਂ ਸਿੱਖ ਸੰਗਤਾਂ ’ਤੇ ਕੀਤੇ ਗਏ ਲਾਠੀਚਾਰਜ ਵਿੱਚ ਰੁਪਿੰਦਰ ਸਿੰਘ ਜਖਮੀ ਹੋ ਗਿਆ ਸੀ।ਜਿਸ ਤੋਂ ਬਾਅਦ ਪੁਲਿਸ ਵੱਲੋਂ ਰੁਪਿੰਦਰ ਸਿੰਘ ਨੂੰ 16 ਅਕਤੂਬਰ ਦੀ ਰਾਤ ਨੂੰ ਹਿਰਾਸਤ ਵਿੱਚ ਲੈ ਕੇ ਮੈਡੀਕਲ ਕਾਲੇਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ, ਜਦਕਿ ਉਸ ਦੇ ਭਰਾ ਜਸਵਿੰਦਰ ਸਿੰਘ(ਇਸ ਨੂੰ ਵੀ ਪੁਲਿਸ ਵੱਲੋਂ ਬਾਅਦ ਵਿੱਚ ਦੋਸ਼ੀ ਬਣਾਇਆ ਗਿਆ ਹੈ), ਪਿਤਾ ਦਰਸ਼ਨ ਸਿੰਘ ਤੇ ਦੋ ਦੋਸਤ ਗੁਰਲਾਲ ਸਿੰਘ ਅਤੇ ਅਮਨਦੀਪ ਸਿੰਘ ਨੂੰ ਵੀ ਕੁੱਟਮਾਰ ਤੋਂ ਬਾਅਦ ਗ੍ਰਿਫਤਾਰ ਕਰਕੇ ਥਾਣਾ ਮਹਿਣਾ (ਮੋਗਾ) ਵਿਖੇ ਲਿਜਾਇਆ ਗਿਆ ਸੀ।
ਪਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਕਰਾਈਮ ਸਹੋਤਾ ਵੱਲੋ 20 ਅਕਤੂਬਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਕੁਝ ਫੋਨ ਕਾਲਾਂ ਦੇ ਅਧਾਰ ਤੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਦੋਸ਼ੀ ਐਲਾਨ ਦਿੱਤਾ ਗਿਆ ਸੀ।ਪੁਲਿਸ ਦੇ ਇਹ ਦਾਅਵੇ ਪਹਿਲੇ ਪੱਲ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਸਨ ਪਰ ਉਦੌਂ ਇਹ ਸ਼ੱਕ ਹੋਰ ਪੁਖਤਾ ਹੋ ਗਿਆ ਜਦੋਂ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਨ ਕਾਲਾਂ ਕਰਨ ਵਾਲੇ ਵਿਅਕਤੀ ਮੀਡੀਆ ਸਾਹਮਣੇ ਆ ਗਏ।
ਇਸ ਸਭ ਦੇ ਬਾਵਜੂਦ ਪੁਲਿਸ ਵੱਲੋਂ ਦੋਵਾਂ ਸਿੱਖ ਭਰਾਵਾਂ ਦਾ ਛੇ ਦਿਨ ਦਾ ਰਿਮਾਂਡ ਲਿਆ ਗਿਆ ਜਿਸ ਤੋਂ ਬਾਅਦ ਕੱਲ੍ਹ ਅਦਾਲਤ ਵੱਲੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਤੇ ਭੇਜ ਦਿੱਤਾ ਗਿਆ ਸੀ।ਵਕੀਲ ਅਨੁਸਾਰ ਪੁਲਿਸ ਨੂੰ ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਕੋਈ ਹੋਰ ਬਰਾਮਦਗੀ ਨਹੀਂ ਹੋਈ।ਪਰ ਸੂਤਰਾਂ ਅਨੁਸਾਰ ਜਖਮੀ ਹਾਲਾਤ ਵਿੱਚ ਰੁਪਿੰਦਰ ਅਤੇ ਉਸ ਦੇ ਭਰਾ ਜਸਵਿੰਦਰ ਸਿੰਘ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਦ ਕੀਤਾ ਨਜ਼ਰ ਆ ਰਿਹਾ ਸੀ।
ਵਕੀਲ ਸ਼ਿਵਕਰਤਾਰ ਸਿੰਘ ਸੰਧੂ ਅਨੁਸਾਰ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਜਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਬਰਗਾੜੀ ਵਿਖੇ ਹੋਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਨੂੰ ਰਿਾਹ ਕਰਨ ਲਈ 15 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ।ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਜੇ ਸਰਕਾਰ ਇਨ੍ਹਾਂ ਸਿੱਖ ਭਰਾਵਾਂ ਨੂੰ ਅਤੇ ਕਪੂਰਥਲੇ ਤੋਂ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾ ਨੂੰ ਰਿਹਾ ਨਹੀਂ ਕਰਦੀ ਤਾਂ ਸਿੱਖ ਸੰਗਤਾਂ 15 ਨਵੰਬਰ ਤੋਂ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਐਸ.ਜੀ.ਪੀ.ਸੀ ਮੈਂਬਰਾਂ ਦੇ ਘਰਾਂ ਦਾ ਘਿਰਾਓ ਕਰਨਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,