ਖਾਸ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਵਿੱਚੋਂ ਬਾਦਲਾਂ ਦਾ ਆਧਾਰ ਖਤਮ ਕੀਤੇ ਬਗੈਰ ਜਥੇਦਾਰਾਂ ਦੇ ਅਸਤੀਫੇ ਹਨ ਅਰਥਹੀਣ

October 15, 2018 | By

ਨਰਿੰਦਰ ਪਾਲ ਸਿੰਘ

28 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰ ਹੋਈ ਖੁੱਲੀ ਬਹਿਸ ਬਾਅਦ ਜਿਨ੍ਹਾਂ ਲੋਕਾਂ ਉਪਰ ਸਾਲ 2015 ਵਿੱਚ ਵਾਪਰੇ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਬਾਰੇ ਉਂਗਲ ਉੱਠੀ ਹੈ ।ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸ਼ਾਮਿਲ ਹਨ।ਗਿਆਨੀ ਗੁਰਬਚਨ ਸਿੰਘ ਵਲੋਂ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਨਿਭਾਈ ਭੂਮਿਕਾ ਨੂੰ  ਲੈ ਕੇ ਗਿਆਨੀ ਗੁਰਬਚਨ ਸਿੰਘ ਤੇ ਉਸਦੇ ਪਰਿਵਾਰਕ ਜੀਆਂ ਵਲੋਂ ਸਰੋਤਾਂ ਤੋਂ ਵੱਧ ਬਣਾਈ ਜਾਇਦਾਦ ਦਾ ਚਿੱਠਾ ਤਾਂ ਵਿਧਾਨ ਸਭਾ ਵਿੱਚ ਵੀ ਗੂੰਜਿਆ ਹੈ ।

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ਾਂ ਤੋਂ ਖਹਿੜਾ ਛੁਡਾਉਣ ਲਈ ਬਾਦਲ ਦਲ ਤਾਂ ਪਹਿਲਾਂ ਵੀ ਕਾਫੀ ਸਰਗਰਮ ਸੀ ਲੇਕਿਨ 28 ਅਗਸਤ ਦੀ ਵਿਧਾਨ ਸਭਾ ਕਾਰਵਾਈ ਉਪਰੰਤ ਗਿਆਨੀ ਗੁਰਬਚਨ ਸਿੰਘ ਪਾਸੋਂ ਅਸਤੀਫਾ ਲਏ ਜਾਣ ਦੀ ਅਵਾਜ ਕੁਝ ਜਿਆਦਾ ਹੀ ਉਠ ਰਹੀ ਹੈ।ਗਿਆਨੀ ਗੁਰਬਚਨ ਸਿੰਘ ਪਾਸੋਂ ਅਸਤੀਫੇ ਦੇ ਮੰਗ ਕਰਨ ਵਿੱਚ ਦਲ ਦੇ ਆਗੂਆਂ ‘ਚੋਂ ਪਾਰਟੀ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸ੍ਰ.ਸੁਖਦੇਵ ਸਿੰਘ ਢੀਂਡਸਾ ਪ੍ਰਮੁਖ ਆਗੂ ਰਹੇ ਹਨ।ਜਿਨ੍ਹਾਂ ਵਲੋਂ ਕੁਝ ਦਿਨ ਪਹਿਲਾਂ ਹੀ ਪਾਰਟੀ ਅਹੁਦਿਆਂ ਤੋਂ ਦਿੱਤੇ ਅਸਤੀਫੇ ਨੂੰ ਵੀ ਦਲ ਪ੍ਰਤੀ ਇਸ ਮੱੁਦੇ ਤੇ ਨਰਾਜਗੀ ਨਾਲ ਜੋੜਿਆ ਜਾ ਰਿਹਾ ਹੈ ਕਿ ਦਲ ਦੇ ਆਗੂਆਂ ਨੇ ਸ.ਢੀਂਡਸਾ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਬਾਰੇ ਚੁੱਕੀ ਗਈ ਮੰਗ ‘ਤੇ ਕਾਰਵਾਈ ਨਹੀ ਕੀਤੀ।ਸ.ਢੀਂਡਸਾ ਦੇ ਪਾਰਟੀ ਅਹੁੱਦਿਆਂ ਤੋਂ ਅਸਤੀਫੇ ਉਪਰੰਤ ਦਲ ਦੀ ਮਾਝੇ ਨਾਲ ਜੁੜੀ ਲੀਡਰਸ਼ਿਪ ਅੰਦਰ ਵੀ ਪਾਰਟੀ ਆਗੂਆਂ ਪ੍ਰਤੀ ਬਗਾਵਤ ਦਾ ਰੋਹ ਤਿੱਖਾ ਹੋ ਰਿਹਾ ਹੈ।ਇਹ ਆਗੂ ਜੋ ਇਤਰਾਜ ਉਠਾ ਰਹੇ ਹਨ ਉਨ੍ਹਾਂ ਵਿੱਚ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ, ਨੂੰ ਦਲ ਦੀ ਵੱਡੀ ਭੁੱਲ ਦੱਸਿਆ ਜਾ ਰਿਹਾ ਹੈ ।ਦਲ ਨਾਲ ਜੁੜੇ ਇਹ ਮਝੈਲ ਦੱਬੀ ਅਵਾਜ ਨਾਲ ਜੇ ਉਪਰੋਕਤ ਮਾਮਲਿਆਂ ਵਿੱਚ ਪਾਰਟੀ ਪਰਧਾਨ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ ਤਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਨਾਲ-ਨਾਲ ਬਾਕੀ ਸਾਥੀ ਜਥੇਦਾਰਾਂ ਅਤੇ ਇਨ੍ਹਾਂ ਸਭ ਪਾਸੋਂ ਮੁਆਫੀ ਦਿਵਾਉਣ ਵਾਲੀ ਲੀਡਰਸ਼ਿਪ ਨੂੰ ਵੀ ਕਟਿਹਰੇ ਵਿੱਚ ਖੜਾ ਕਰ ਰਹੇ ਹਨ।ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਤਾਂ ਇਥੋਂ ਤੀਕ ਕਹਿ ਚੁੱਕੇ ਹਨ ਕਿ ਡੇਰਾ ਸਿਰਸਾ ਮੁਆਫੀ ਤੇ ਬੇਅਦਬੀ ਮਾਮਲੇ ਵਿੱਚ ਦੋਸ਼ੀ ਹਰ ਸ਼ਖਸ਼ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।ਭਲੇ ਹੀ ਉਹ ਕਿੱਡੇ ਵੱਡੇ ਰੁਤਬੇ ਤੇ ਕਿਉਂ ਨਾ ਹੋਵੇ।

ਦੂਸਰੇ ਪਾਸੇ ਡੇਰਾ ਸਿਰਸਾ ਮੁਖੀ ਮੁਆਫੀ ,ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਬਾਰੇ ਵਿਚਾਰਿਆ ਜਾਏ ਤਾਂ ਕਮੇਟੀ ਤਾਂ ਡੇਰਾ ਮੁਖੀ ਨੂੰ ਮੁਆਫੀ ਬਾਰੇ ਜਥੇਦਾਰਾਂ ਵਲੋਂ ਲਏ ਫੈਸਲੇ ਨੂੰ ਪ੍ਰਚਾਰਨ ਲਈ 90-91 ਲੱਖ ਰੁਪਏ ਗੁਰੂ ਦੀ ਗੋਲਕ ਵਿੱਚੋਂ ਖਰਚ ਚੁੱਕੀ ਹੈ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਮੰਗ ਦੀ ਹਮਾਇਤ ਕਰਦੀ ਹੈ ।ਪ੍ਰੰਤੂ ਜਿਉਂ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦੇ ਉਸ ਹਿੱਸੇ ਦਾ ਜਿਕਰ ਆਉਂਦਾ ਹੈ ਜਿਸ ਅਨੁਸਾਰ ‘ਡੇਰਾ ਸਿਰਸਾ ਮੁਖੀ ਮੁਆਫੀ,ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਰਮਿਆਨ ਸਾਂਝ’ ਦੀ ਗੱਲ ਹੈ ਤਾਂ ਕਮੇਟੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਹੀ ਰੱਦ ਕਰ ਦਿੰਦੀ ਹੈ ।ਖੁਦ ਬਾਦਲ ਸਰਕਾਰ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਾ ਲਾਗੂ ਕੀਤੇ ਜਾਣ ਦੇ ਬਾਦਲਾਂ ਦੇ ਫੈਸਲੇ ਪ੍ਰਤੀ ਵੀ ਕਮੇਟੀ ਚੁੱਪ ਹੈ ।ਗਿਆਨੀ ਗੁਰਬਚਨ ਸਿੰਘ ਪਾਸੋਂ ਅਸਤੀਫਾ ਲਏ ਜਾਣ ਦੀਆਂ ਮੰਗਾਂ ਨੂੰ ਕਮੇਟੀ ਪ੍ਰਧਾਨ ਇਹ ਕਹਿ ਕੇ ਵਿਰਾਮ ਦੇ ਦਿੰਦੇ ਹਨ ਕਿ ਉਨ੍ਹਾਂ ਪਾਸ ਅਜੇਹੀ ਕੋਈ ਕਾਰਵਾਈ ਨਹੀ ਆਈ ।ਇਸ ਸਭਦੇ ਬਾਵਜੂਦ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਮੰਗ ਰਹਿ ਰਹਿ ਕੇ ਉਠ ਰਹੀ ਹੈ। ਅਫਵਾਹਾਂ ਦਾ ਮਾਹੌਲ ਹਰ ਪੱਲ ਗਰਮ ਰਹਿੰਦਾ ਹੈ ।ਹਰ ਵਾਰ ਇਹ ਪਹਿਲੂ ਵਿਸਾਰ ਦਿੱਤਾ ਜਾਂਦਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਬਿਨ ਮੰਗੀ ਮੁਆਫੀ ਦੇਣ ਤੇ ਫਿਰ ਸੰਗਤੀ ਰੋਸ ਤੇ ਰੋਹ ਅੱਗੇ ਗੋਡੇ ਟੇਕਦਿਆਂ ਮੁਆਫੀ ਵਾਲਾ ਫੈਸਲਾ ਰੱਦ ਕਰਨ ਕਾਰਣ ਗਿਆਨੀ ਗਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਗੁਰਮੁਖ ਸਿੰਘ ਕੌਮੀ ਰੋਹ ਦਾ ਸ਼ਿਕਾਰ ਬਣੇ।ਪ੍ਰੰਤੂ ਇਨ੍ਹਾਂ ਦੇ ਬਚਾਅ ਲਈ ਪਹਿਲਾਂ ਬਾਦਲ ਸਰਕਾਰ ਤੇ ਹੁਣ ਕੈਪਟਨ ਸਰਕਾਰ ਸੁਰੱਖਿਆ ਮੁਹੱਈਆ ਕਰਵਾ ਰਹੀਆਂ ਹਨ ।ਇਨ੍ਹਾਂ ਜਥੇਦਾਰਾਂ ਦੀ ਸੁਰਖਿਆ ਲਈ ਤਾਇਨਾਤ ਸਰਕਾਰੀ ਤੇ ਕਮੇਟੀ ਮੁਲਾਜਮਾਂ ਦੀ ਸਾਂਭ ਸੰਭਾਲ ਤੇ ਰਾਸ਼ਣ ਦਾ ਲੱਖਾਂ ਰੁਪਏ ਦਾ ਖਰਚਾ ਸ਼੍ਰੋਮਣੀ ਕਮੇਟੀ ਝੱਲ ਰਹੀ ਹੈ। ਇਹ ਕਮੇਟੀ ਜਥੇਦਾਰਾਂ ਦੇ ਵਤੀਰੇ ਪ੍ਰਤੀ ਜੇ ਕਿਤੇ ਵਿਭਾਗੀ ਕਾਰਵਾਈ ਲਈ ਹਰਕਤ ਵਿੱਚ ਆਈ ਵੀ ਤਾਂ ਉਹ ਸੀ ਗਿਆਨੀ ਗੁਰਮੁਖ ਸਿੰਘ ਵਲੋਂ ਦਿੱਤਾ ਉਹ ਬਿਆਨ ਜਿਸ ਵਿੱਚ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਲਈ ਬਾਦਲ ਪਿਉ ਪੁੱਤਰਾਂ ਦੀ ਸ਼ਮੂਲੀਅਤ ਦੀ ਗਲ ਕੀਤੀ ਗਈ।ਉਸ ਵੇਲੇ ਵੀ ਗਿਆਨੀ ਗੁਰਮੁਖ ਸਿੰਘ ਤੇ ਸਿਰਫ ਦਬਾਅ ਪਾਣ ਲਈ ਤਬਦੀਲੀ ਤੀਕ ਹੀ ਸੀਮਤ ਕਾਰਵਾਈ ਹੋਈ ਤੇ ਸਵਾ ਸਾਲ ਬਾਅਦ ਗਿਆਨੀ ਗੁਰਮੁਖ ਸਿੰਘ ਮੁੜ ਕਮੇਟੀ ਦੇ ਚਹੇਤੇ ਬਣ ਗਏ।

ਹੁਣ ਸਵਾਲ ਇਹ ਵੀ ਪੁਛਿਆ ਜਾ ਰਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਉਪਰੰਤ ਜਿਹੜਾ ਨਵਾਂ ਜਥੇਦਾਰ ਥਾਪਿਆ ਜਾਏਗਾ ਕੀ ਉਹ ਉਨ੍ਹਾਂ ਸਿਆਸੀ ਮਾਲਕਾਂ ਦੇ ਪ੍ਰਭਾਵ ਤੋਂ ਮੁਕਤ ਹੋ ਸਕਦੈ ਜਿਹੜੇ ਕਿ ਜਥੇਦਾਰਾਂ ਦੀ ਕਾਨੂੰਨੀ ਤੌਰ ਤੇ ਮਾਲਕ ਸ਼੍ਰੋਮਣੀ ਕਮੇਟੀ ਦੇ ਮਾਲਕ ਹਨ? ਕੀ ਸਾਲ 1999 ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਉਪਰੰਤ ਗਿਆਨੀ ਪੂਰਨ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਸਿਆਸੀ ਮਾਲਕਾਂ (ਬਾਦਲ ਪਰਿਵਾਰ) ਦੇ ਪ੍ਰਭਾਵ ਤੋਂ ਮੁਕਤ ਹੋ ਸਕੇ? ਹਰਗਿਜ਼ ਨਹੀ। ਇਹ ਜਰੂਰ ਪ੍ਰਵਾਨ ਕਰਨਾ ਬਣੇਗਾ ਕਿ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਉਪਰੰਤ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਸਰਬੱਤ ਖਾਲਸਾ ਨੇ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਰੱਦ ਕਰਦਿਆਂ ਜੋ ਜਥੇਦਾਰ ਥਾਪੇ ਸਨ, ਵੱਡੀ ਗਿਣਤੀ ਸਿੱਖ ਕੌਮ ਅਜੇ ਵੀ ਉਨ੍ਹਾਂ ਹੀ ਜਥੇਦਾਰਾਂ ਨੂੰ ਮਾਨਤਾ ਦਿੰਦੀ ਹੈ ਤੇ ਉਨ੍ਹਾਂ ਦਾ ਕਿਹਾ ਵੀ ਮੰਨਦੀ ਹੈ ।ਪਿਛਲੇ ਤਿੰਨ ਸਾਲਾਂ ਤੋਂ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਖੁੱਲੇ ਤੌਰ ਤੇ ਸੰਗਤ ਵਿੱਚ ਵਿਚਰ ਨਹੀ ਸਕੇ ,ਇਹ ਵੀ ਤਲਖ ਹਕੀਕਤ ਹੈ ਜਿਸਤੋਂ ਇਨਕਾਰ ਨਹੀ ਕੀਤਾ ਜਾ ਸਕਦਾ।ਅਜਿਹੇ ਵਿੱਚ ਸ਼੍ਰੋਮਣੀ ਕਮੇਟੀ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ, ਜਾਂ ਅਸਤੀਫੇ ਕੋਈ ਅਰਥ ਨਹੀ ਰੱਖਦੇ ।ਉਦੋਂ ਤੀਕ, ਜਦ ਤੀਕ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਦਾ ਕੋਈ ਪੰਥ ਪ੍ਰਵਾਨਿਤ ਵਿਧੀ ਵਿਧਾਨ ਤੈਅ ਨਹੀ ਹੁੰਦਾ ਤੇ ਇਹ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੀ ਗੁਲਾਮੀ ਤੋਂ ਮੁਕਤ ਹੋਵੇਗੀ ।ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਜਾਂ ਥੋਪੇ ਜਥੇਦਾਰਾਂ ਨੂੰ ਕਸੂਰਵਾਰ ਠਹਿਰਾ ਕੇ ਅਸਤੀਫਿਆਂ ਦੀ ਮੰਗ ਉਦੋਂ ਤੀਕ ਅਰਥਹੀਣ ਹੈ ਜਦੋਂ ਤੀਕ ਕਮੇਟੀ ਅੰਦਰ ਘਰ ਕਰ ਚੁੱਕੇ ਪਰਿਵਾਰਕ ਨਿਜਾਮ ਦਾ ਆਧਾਰ ਨਹੀ ਖਤਮ ਹੁੰਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,