June 10, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹੋਏ ਹਮਲੇ ਤੋਂ ਬਾਅਦ ਸਿੱਖ ਕੌਮ ਖਾਨਾ ਜੰਗੀ ਦੇ ਹਾਲਤਾਂ ਵਲ ਨਿਰੰਤਰ ਵਧ ਰਹੀ ਹੈ ਜਿਸ ਨੂੰ ਰੋਕਣਾ ਕੌਮ ਦੇ ਜ਼ਿੰਮੇਵਾਰ ਧਾਰਮਿਕ ਵਿਅਕਤੀਆਂ ਦਾ ਫਰਜ਼ ਹੈ। ਭਾਈ ਹਰਨਾਮ ਸਿੰਘ ਧੁੰਮਾ ਅਤੇ ਭਾਈ ਰਣਜੀਤ ਸਿੰਘ ਦਾ ਵਿਰੋਧ ਦੋ ਵਿਆਕਤੀਆਂ ਦੇ ਨਿੱਜੀ ਹੈ ਪਰ ਇਸ ਨੂੰ ਪੂਰੀ ਕੌਮ ’ਤੇ ਥੋਪਿਆ ਜਾ ਰਿਹਾ ਹੈ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਕੌਮ ਦੇ ਧਾਰਮਿਕ ਵਿਅਕਤੀਆਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਉਹ ਕੌਮ ਦੀ ਪੀੜਾ ਨੂੰ ਸਮਝਣ ਅਤੇ ਕੌਮੀ ਇਤਫਾਕ, ਕੌਮੀ ਏਕਤਾ ਵਲ ਧਿਆਨ ਦੇਣ। ਸਿਆਸਤਦਾਨਾਂ ਨੇ ਤਾਂ ਵੋਟਾਂ ਬਟੋਰਨੀਆਂ ਹਨ ਪਰ ਆਸ ਹੈ ਕਿ ਤੁਸੀਂ ਧਾਰਮਿਕ ਰੂਚੀ ਵਾਲੇ ਵਿਆਕਤੀ ਹੋਣ ਕਾਰਨ ਇਸ ਲਾਲਸਾ ਤੋਂ ਰਹਿਤ ਹੋਵੋਗੇ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਜ਼ੋਰ ਦੇ ਕੇ ਆਖਿਆ ਗਿਆ ਕਿ ਭਾਈ ਭੁਪਿੰਦਰ ਸਿੰਘ ਨਿਰਦੋਸ਼ ਸੀ, ਉਸਦਾ ਕਤਲ ਨਿਖੇਧੀ ਯੋਗ ਅਤੇ ਅੱਤ ਮੰਦਭਾਗਾ ਹੈ। ਉਸਦੇ ਪਰਿਵਾਰ ਨਾਲ ਹਰ ਇਨਸਾਫ ਪਸੰਦ ਵਿਆਕਤੀ ਨੂੰ ਹਮਦਰਦੀ ਹੈ ਪਰ ਉਸ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਾ ਵੀ ਗਲਤ ਹੈ। ਕੌਮੀ ਸ਼ਹੀਦ ਭਾਈ ਫੌਜਾ ਸਿੰਘ ਜੀ ਸਮੇਤ ਨਿਰੰਕਾਰੀ ਕਾਂਡ ਦੇ ਤੇਰਾਂ ਸਿੰਘ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਖਾਲਿਸਤਾਨ ਦੇ ਸੰਘਰਸ਼ ਦੌਰਾਨ ਜੂਝ ਕੇ ਸ਼ਹੀਦ ਹੋਣ ਵਾਲੇ ਸਤਿਕਾਰਯੋਗ ਸਿੰਘ, ਸਿੰਘਣੀਆਂ ਅਤੇ ਭੁਝੰਗੀ ਹਨ। ਸਿੱਖ ਕੌਮ ਦੀ ਅਣਖ, ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਣ, ਸਿੱਖ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ, ਕੌਮੀ ਹੱਕਾਂ ਹਿੱਤਾਂ ਅਤੇ ਕੌਮੀ ਅਜ਼ਾਦੀ ਲਈ ਜੂਝ ਕੇ ਸ਼ਹੀਦ ਹੋਏ ਪੁਰਾਤਨ ਅਤੇ ਵਰਤਮਾਨ ਸ਼ਹੀਦ ਹਨ।
ਆਪਸੀ ਵਿਰੋਧ ਜਾਂ ਕਿਸੇ ਦੁਰਘਟਨਾ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਸ਼ਹੀਦ ਨਹੀਂ ਹੋਇਆ ਕਰਦੇ। ਮਿਸਾਲ ਵਜੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖੀ ਦਾ ਪ੍ਰਚਾਰ ਕਰਨ ਜਾ ਰਹੇ ਸਨ ਕਿ ਸੜਕ ਦੁਰਘਟਨਾ ਵਿੱਚ ਸਖਤ ਜ਼ਖਮੀ ਹੋ ਗਏ ਅਕਾਲ ਚਲਾਣਾ ਕਰ ਗਏ। ਉਹਨਾਂ ਨੂੰ ਕਿਸੇ ਨੇ ਸ਼ਹੀਦ ਨਹੀਂ ਆਖਿਆ।
ਨਿਹੰਗ ਸਿੰਘਾਂ ਦੇ ਗਰੁੱਪਾਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਹਨ, ਅਕਸਰ ਹੀ ਕਤਲ ਹੋ ਜਾਂਦੇ ਹਨ ਪਰ ਕਿਸੇ ਮਰਨ ਵਾਲੇ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ।
Related Topics: Baba Harnam Singh Dhumma, Bhai Ranjit Singh Dhadrianwale, Loveshinder Singh Dallewal, United Khalsa Dal U.K