February 27, 2016 | By ਯਾਦਵਿੰਦਰ ਕਰਫਿਊ
ਦੋ ਮਾਵਾਂ। ਇਕ ਨੇ ਮੈਨੂੰ ਊਂਗਲ ਫੜ ਕੇ ਤੁਰਨਾ ਤੇ ਦੂਜੀ ਨੇ ਜਿਉਣਾ ਸਿਖਾਇਆ। ਸਮਾਜ,ਸੱਭਿਆਚਾਰ,ਕਲਾ,ਸਾਹਿਤ ਤੇ ਸਿਆਸਤ ਨੂੰ ਦੇਖਣ-ਸਮਝਣ ਦੀ ਨਜ਼ਰ ਪੈਦਾ ਕੀਤੀ। ਤੁਰਨਾ ਸਿਖਾਉਣ ਵਾਲੀ ਮਾਂ ਦੀ ਗੋਦੀ ‘ਚ ਪਿੰਡ (ਧਨੌਲੇ) ਖੇਡਿਆ ਤੇ ਜਿਉਣਾ ਸਿਖਾਉਣ ਵਾਲੀ ਮਾਂ ਦੀ ਗੋਦੀ ‘ਚ ਦਿੱਲੀ। ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਨੂੰ ਆਪਣੀ ਦੂਜੀ ਮਾਂ ਮੰਨਦਾ ਹਾਂ।
ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਕਦੇ ਵਿਦਿਆਰਥੀ ਨਹੀਂ ਰਿਹਾ। ਦਿੱਲੀ ‘ਚ ਪੱਤਰਕਾਰੀ ਕਰਦਿਆਂ ਯੂਨੀਵਰਸਿਟੀ ਨਾਲ ਰਿਸ਼ਤਾ ਜੁੜਿਆ ਤੇ ‘ਵਰਸਟੀ ਦਾ ਬੇਹੱਦ ਪਿਆਰ ਮਾਣਿਆ। ਮੈਂ ਪੱਤਰਕਾਰੀ ਤੋਂ ਵੱਧ ਜੇ ਐਨ ਯੂ ਤੋਂ ਸਿੱਖਿਆ ਹੈ।
ਕਥਿਤ ਦੇਸਧ੍ਰੋਹੀ ਉਮਰ ਖ਼ਾਲਿਦ ਨੂੰ ਮੈਂ 2010 ਤੋਂ ਜਾਣਦਾ ਹਾਂ। ਯੂਨੀਵਰਸਿਟੀ ‘ਚ ਓਹਦੇ ਨਾਲ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ। ਉਸ ਨਾਲ ਕਸ਼ਮੀਰ,ਮਨੀਪੁਰ,ਆਦਿਵਾਸੀਆਂ ਤੇ ਦਲਿਤ ਜਿਹੇ ਮਸਲਿਆਂ ‘ਤੇ ਗੰਭੀਰ ਚਰਚਾ ਹੁੰਦੀ ਰਹੀ ਹੈ। ਖਾਲਿਦ ਨੂੰ ਪੰਜਾਬ ਬਾਰੇ ਜਾਣਨ ਦੀ ਹਮੇਸ਼ਾਂ ਤਾਂਘ ਰਹੀ ਤੇ ਮੈਂ ਉਸ ਨਾਲ ਪੰਜਾਬ ਦੇ ਇਤਿਹਾਸ,ਵਰਤਮਾਨ ਤੇ ਭਵਿੱਖ ਨਾਲ ਵਿਚਾਰ-ਚਰਚਾ ਕਰਦਾ ਰਿਹਾ ਹਾਂ।
ਖ਼ਾਲਿਦ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਨੌਜਵਾਨ ਹੈ। ਦੇਸ ਦੀ ਦਸ਼ਾ ਤੇ ਦਿਸ਼ਾ ਬਾਰੇ ਫਿਕਰਮੰਦ ਹੈ। ਧਾਰਮਿਕ ਘੱਟਗਿਣਤੀਆਂ,ਕੌਮੀਅਤਾਂ,ਦਲਿਤਾਂ ਤੇ ਆਦਿਵਾਸੀਆਂ ‘ਤੇ ਹੋ ਰਹੇ ਜ਼ੁਲਮਾਂ ਖ਼ਿਲਾਫ ਬੋਲਦਾ ਹੈ। ਉਮਰ ਨਾਸਤਿਕ ਹੈ ਪਰ ਉਹ ਸਿੱਖਾਂ,ਇਸਾਈਆਂ ਤੇ ਮੁਸਲਮਾਨ ਖ਼ਿਲਾਫ ਹੋ ਰਹੀ ਧਰੁਵੀਕਰਨ ਦੀ ਸਿਆਸਤ ਖ਼ਿਲਾਫ ਡੱਟ ਕੇ ਲੜਦਾ ਤੇ ਬੋਲਦਾ ਰਿਹਾ ਹੈ।
ਬੇਹੱਦ ਗੰਭੀਰ ਨੌਜਵਾਨ ਹੋਣ ਦੇ ਬਾਵਜੂਦ ਉਹ ਬੇਹੱਦ ਹਸਮੁਖ ਹੈ। ਜੇ ਐਨ ਯੂ ‘ਚ ਹੋਲੀ ਦਾ ਤਿਓਹਾਰ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਮੈਂ ਵੀ ਹੋਲੀ ਓਥੇ ਖੇਡਣੀ ਸਿੱਖੀ। 2011 ‘ਚ ਮੈਂ ਤੇ ਉਮਰ ਸਤਲੁਜ ਹੋਸਟਲ ਦੇ ਪਿੱਛੇ ਹੋਲੀ ਖੇਡੇ। ਗਾਣੇ ਗਾਏ,ਪੰਜਾਬੀ ਬੋਲੀਆਂ ਪਾਈਆਂ। ਹਾਸੇ-ਮਜ਼ਾਕ ‘ਚ ਜ਼ਿੰਦਾਬਾਦ-ਮੁਰਦਾਬਾਦ ਕੀਤੀ। ਖਾਲਿਦ ਨਾਸਤਿਕ ਹੁੰਦਿਆਂ ਹੋਇਆਂ ਵੀ ਹਰ ਧਰਮ ਦੇ ਤਿਓਹਾਰਾਂ ਤੇ ਰਿਵਾਜਾਂ ਦਾ ਆਦਰ ਕਰਦਾ ਹੈ। ਉਹ ਸਮਾਜਿਕ,ਸੱਭਿਆਚਾਰਕ ਤੇ ਧਾਰਮਿਕ ਵੰਨ-ਸਵੰਨਤਾ ਦਾ ਕਦਰਦਾਨ ਹੈ।
ਬੜੀ ਰੌਚਿਕ ਗੱਲ ਹੈ ਕਿ ਨਾਸਤਿਕ ਹੁੰਦਿਆਂ ਹੋਇਆ ਖਾਲਿਦ ਨੂੰ ਕਹਿਣਾ ਪਿਆ ਕਿ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਮੁਸਲਮਾਨ ਹਾਂ। ਉਸਦੀ ਇਹ ਗੱਲ ਸੁਣਕੇ ਮੈਨੂੰ ਲੱਗਿਆ ਕਿ ਇਸ ਦੇਸ ਦਾ ਅਸਲ ਸੱਚ ਇਹੀ ਹੈ।
ਦਰ ਅਸਲ ਪਛਾਣ ਦਾ ਮਸਲਾ ਬੇਹੱਦ ਗੁੰਝਲਦਾਰ ਹੈ। ਵਿਅਕਤੀਗਤ ਪੱਧਰ ‘ਤੇ ਪਛਾਣ ਛੱਡਣ ਨਾਲ ਪਛਾਣ ਦੀ ਸਮਾਜਿਕਤਾ ਤੇ ਸਿਆਸਤ ਖ਼ਤਮ ਨਹੀਂ ਹੁੰਦੀ ਹੈ। ਪਛਾਣ ਹਰ ਮੋੜ ‘ਤੇ ਤੁਹਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਅੱਜ ਪੂਰੀ ਦੁਨੀਆ ਪਛਾਣ ਦੇ ਸਵਾਲਾਂ ਨਾਲ ਦੋ-ਚਾਰ ਹੋ ਰਹੀ ਹੈ। ਪਛਾਣ ਦੇ ਸਵਾਲ ਤੋਂ ਭੱਜਿਆਂ ਪਛਾਣ ਦੇ ਸਵਾਲ ਦਾ ਹੱਲ ਨਹੀਂ ਹੋ ਸਕਦਾ ਹੈ।
ਅੱਜ ਪਛਾਣ ‘ਤੇ ਨਾਂਅ ‘ਤੇ ਘੱਟਗਿਣਤੀਆਂ ਤੇ ਕੌਮੀਅਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਾਲਿਦ ਨੂੰ ਮੁਸਲਮਾਨ ਹੋਣ ਦਾ ਅਹਿਸਾਸ ਕਰਵਾਉਣ ਦੀ ਸਿਆਸਤ ਨੇ ਪਛਾਣ ਦੇ ਸਵਾਲ ਦੀ ਗੰਭੀਰਤਾ ਨੂੰ ਚਿੰਨ੍ਹਤ ਕੀਤਾ ਹੈ। ਖ਼ਾਲਿਦ ਬਹਾਨੇ ਪਛਾਣ ਦੇ ਹਰ ਪਹਿਲੂ ‘ਤੇ ਖੁੱਲ੍ਹਦਿਲੀ ਨਾਲ ਵਿਚਾਰ-ਚਰਚਾ ਹੋਣੀ ਚਾਹੀਦੀ ਹੈ।
ਬਿਹਤਰ ਸਮਾਜ ਦਾ ਸੁਫ਼ਨਾ ਦੇਖਣ ਵਾਲੀ ਹਰ ਵਿਚਾਰਧਾਰਾ ਨੂੰ ਮੌਜੂਦਾ ਦੌਰ ‘ਚ ਪਛਾਣ ਦੇ ਸਵਾਲ ਨਾਲ ਸੰਵਾਦ ਰਚਾਉਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਅਜਿਹੇ ਲੋਕ ਘੱਟਗਿਣਤੀਆਂ ਤੇ ਕੌਮੀਅਤਾਂ ਦੀਆਂ ਵਿਸਵਾਸ਼ ਨਹੀਂ ਜਿੱਤਣਗੇ ਉਦੋਂ ਤੱਕ ਕਿਸੇ ਵੀ ਹੱਲ ਵੱਲ ਵਧਣਾ ਮੁਸ਼ਕਲ ਹੈ।
(ਨੋਟ: ਇਹ ਲੇਖ ਪੱਤਰਕਾਰ ਯਾਦਵਿੰਦਰ ਕਰਫਿਊ ਵੱਲੋਂ ਸਿੱਖ ਸਿਆਸਤ ਗਰੁੱਪ ਵਿੱਚ ਸਾਂਝਾ ਕੀਤਾ ਗਿਆ ਸੀ ਜਿਸ ਨੂੰ ਅਸੀਂ ਆਪਣੀ ਵੈਬਸਾਈਟ ਤੇ ਸਾਂਝਾ ਕਰ ਰਹੇ ਹਾਂ।)
Related Topics: JNU