ਸਿੱਖ ਖਬਰਾਂ

ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਦਾ ਐਨ.ਆਈ.ਏ. ਰਿਮਾਂਡ ਖਤਮ, ਖੰਨਾ ਪੁਲਿਸ ਨੇ ਰਾਹਦਾਰੀ ‘ਚ ਰੱਖਿਆ, ਕੱਲ੍ਹ 10 ਵਜੇ ਕੀਤਾ ਜਾਣਾ ਹੈ ਪੇਸ਼

December 6, 2017 | By

ਮੋਹਾਲੀ: ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ‘ਕੌਮੀ ਜਾਂਚ ਏਜੰਸੀ’ (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਉਰਫ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ (6 ਦਸੰਬਰ, 2017) ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਅਨਸ਼ੁਲ ਬੇਰੀ ਨੇ ਦੋਵਾਂ ਨੂੰ 5 ਜਨਵਰੀ, 2018 ਤਕ ਨਿਆਂਇਕ ਹਿਰਾਸਤ ‘ਚ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਭੇਜਣ ਦਾ ਹੁਕਮ ਦੇ ਦਿੱਤਾ। ਇਸ ਦੌਰਾਨ ਖੰਨਾ ਪੁਲਿਸ ਵਲੋਂ ਅਪ੍ਰੈਲ 2016 ‘ਚ ਸ਼ਿਵ ਸੈਨਾ ਆਗੂ ਦੁਰਗਾ ਦਾਸ ਦੇ ਕਤਲ ਮਾਮਲੇ ‘ਚ ਦੋਵਾਂ ਦੇ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕਰਨ ‘ਤੇ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ ਖੰਨਾ ਪੁਲਿਸ ਦੇ ਹਵਾਲੇ ਕਰਕੇ ਕੱਲ੍ਹ (7 ਦਸੰਬਰ, 2017) ਖੰਨਾ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ।

ਰਮਨਦੀਪ ਦੇ ਮਾਪੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ (ਫਾਈਲ ਫੋਟੋ)

ਰਮਨਦੀਪ ਦੇ ਮਾਪੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ (ਫਾਈਲ ਫੋਟੋ)

ਉਪਰੋਕਾ ਜਾਣਕਾਰੀ ਦਿੰਦਿਆਂ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਬੱਗਾ ਅਤੇ ਸ਼ੇਰਾ ਤੋਂ ਅਲਾਵਾ ਧਰਮਿੰਦਰ ਸਿੰਘ ਗੁਗਨੀ ਦੇ ਪੁਲਿਸ ਰਿਮਾਂਡ ‘ਚ ਜੱਜ ਵਲੋਂ 2 ਦਿਨ ਦਾ ਵਾਧਾ ਕਰ ਦਿੱਤਾ।

ਹਰਦੀਪ ਸਿੰਘ ਸ਼ੇਰਾ ਨੂੰ ਹਥਿਆਰ ਦੇਣ ਦੇ ਦੋਸ਼ ਹੇਠ ਐਨ.ਆਈ.ਏ. ਵਲੋਂ ਬੀਤੇ ਦਿਨੀਂ ਮੇਰਠ ਤੋਂ ਗ੍ਰਿਫਤਾਰ ਪਹਾੜ ਸਿੰਘ ਪੁੱਤਰ ਸਰੂਪ ਸਿੰਘ(ਸਿਕਲੀਗਰ ਸਿੱਖ) ਨੂੰ ਇਕ ਦਿਨਾਂ ਰਿਮਾਂਡ ਖਤਮ ਹੋਣ ‘ਤੇ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਭੇਜ ਦਿੱਤਾ ਗਿਆ।

ਸਬੰਧਤ ਖ਼ਬਰ:

ਰਵਿੰਦਰ ਗੋਸਾਈਂ ਕਤਲ ਮਾਮਲਾ: ਮੀਡੀਆ ਰਿਪੋਰਟਾਂ ਮੁਤਾਬਕ ਐਨ.ਆਈ.ਏ. ਨੇ ਹਥਿਆਰ ਸਪਲਾਈ ਕਰਨ ਵਾਲੇ ਨੂੰ ਮੇਰਠ ਤੋਂ ਕੀਤਾ ਗ੍ਰਿਫਤਾਰ …

ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ, ਨਵੀਂ ਦਿੱਲੀ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਦੇ ਮੁਕੱਦਮਾ ਨੰ: 18/2017/ਐਨ.ਆਈ.ਏ./ਡੀ.ਐਲ.ਆਈ. ਮਿਤੀ 16.11.2017 ਤਹਿਤ ਗ੍ਰਿਫਤਾਰ ਕੀਤਾ ਸੀ। ਇਹ ਮਾਮਲਾ ਆਰ.ਐਸ.ਐਸ. ਦੇ ਕਾਰਜਕਰਤਾ ਰਵਿੰਦਰ ਗੋਸਾਈਂ ਦੇ ਕਤਲ ਦੇ ਸਬੰਧ ‘ਚ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. ਨੰ: 442/2017 ਮਿਤੀ 17.10.2017 ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀਆਂ ਧਾਰਾਵਾਂ 10, 12 ਅਤੇ 13 , ਆਈ.ਪੀ.ਸੀ. ਦੀ ਧਾਰਾ 302 ਅਤੇ 34, ਅਸਲਾ ਐਕਟ 1925 ਦੀਆਂ ਧਾਰਾ 25 ਤਹਿਤ ਥਾਣਾ ਜੋਧੇਵਾਲ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਐਨ.ਆਈ.ਏ. ਇਸ ਮੁਕੱਦਮੇ ਨੂੰ ਦੁਬਾਰਾ 18/2017/ਐਨ.ਆਈ.ਏ./ਡੀ.ਐਲ.ਆਈ. ਤਹਿਤ ਦਰਜ ਕੀਤਾ।

ਐਨ.ਆਈ.ਏ. ਵਲੋਂ 17/10/2017 ਨੂੰ ਜਾਰੀ ਪ੍ਰੈਸ ਬਿਆਨ ‘ਚ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਸੀ, “ਮਾਮਲੇ ਦੇ ਪਿਛੋਕੜ ‘ਚ ਇਹ ਹੈ ਕਿ 17.10.2017 ਨੂੰ ਸਵੇਰੇ ਦੋ ਅਣਪਛਾਤੇ ਬੰਦਿਆਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਘੂਨਾਥ ਨਗਰ ਸ਼ਾਖਾ ਦੇ ਆਗੂ ਰਵਿੰਦਰ ਗੋਸਾਈਂ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਗਗਨਦੀਪ ਕਲੋਨੀ, ਲੁਧਿਆਣਾ ‘ਚ ਆਪਣੇ ਘਰ ਦੇ ਬਾਹਰ ਬੈਠਿਆ ਹੋਇਆ ਸੀ।”

ਸਬੰਧਤ ਖ਼ਬਰ:

ਪੰਜਾਬ ਸਰਕਾਰ ਵਲੋਂ ‘ਚੋਣਵੇਂ ਕਤਲਾਂ’ ਦੇ ਸਬੰਧ ‘ਚ 7 ਮੁਕੱਦਮੇ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,