March 20, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (20 ਮਾਰਚ, 2916 ): ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਲਈ ਬਦਨਾਮ ਕਰਨ ਵਾਲੇ ਰਾਹੁਲ ਗਾਂਧੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਉਨ੍ਹਾਂ ਨੇ ਅਜਿਹੀ ਸੋਚ ਦੇ ਪ੍ਰਗਟਾਅ ਸਦਕਾ ਕਾਂਗਰਸ ਦੇ ਮੁੱਢ ਕਦੀਮ ਤੋਂ ਪੰਜਾਬ ਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਵਾਕਈ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ਾ ਬਹੁਤ ਹੈ ਤਾਂ ਉਹ ਪਹਿਲਾਂ ਯੂਥ ਕਾਂਗਰਸ ਦੇ ਨੇਤਾਵਾਂ ਦਾ ਡੋਪ ਟੈਸਟ ਕਰਵਾ ਲੈਣ ਅਤੇ ਜੇਕਰ ਉਨ੍ਹਾਂ ਵਿਚੋਂ ਨਸ਼ੇੜੀ ਨਿਕਲੇ ਤਾਂ ਸਮਝ ਲਓ ਕਿ ਪੰਜਾਬ ਵਿਚ ਨਸ਼ਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਸੂਬਾ ਬਣ ਚੁੱਕਾ ਹੈ, ਜਿਸ ਨੂੰ ਕੌਮੀ ਪੱਧਰ ’ਤੇ ਕਈ ਸਨਮਾਨ ਵੀ ਮਿਲ ਚੁੱਕੇ ਹਨ, ਪਰੰਤੂ ਕਾਂਗਰਸ ਅਤ ਵਿਰੋਧੀ ਪਾਰਟੀਆਂ ਦੇ ਆਗੂ ਪੰਜਾਬ ਨੂੰ ਝੂਠ ਬੋਲ ਕੇ ਐਵੇਂ ਹੀ ਬਦਨਾਮ ਕਰ ਰਹੇ ਹਨ, ਜੋ ਕਿ ਬਹੁਤ ਹੀ ਮਾੜੀ ਗੱਲ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਵਿਰੁੱਧ ਅਜਿਹਾ ਮਾੜਾ ਪ੍ਰਚਾਰ ਉਹੀ ਕਰ ਸਕਦੇ ਹਨ, ਜਿਨ੍ਹਾਂ ਦੇ ਦਿਲ ਵਿਚ ਉਨ੍ਹਾਂ ਲਈ ਪਿਆਰ ਨਾ ਹੋਵੇ। ਸ. ਬਾਦਲ ਨੇ ਕਿਹਾ ਕਿ ਬਹਾਦਰੀ ਲਈ ਪ੍ਰਸਿੱਧ ਅਤੇ ਸਮੁੱਚੇ ਮੁਲਕ ਨੂੰ ਅੰਨ੍ਹ ਮੁਹੱਈਆ ਕਰਵਾਉਣ ਵਾਲੀ ਪੰਜਾਬੀ ਕੌਮ ਨਸ਼ੱਈ ਕਿਵੇਂ ਹੋ ਸਕਦੀ ਹੈ? ਸ. ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸਤਲੁਜ-ਯਮੁਨਾ ਲਿੰਕ ਨਹਿਰ ਸਬੰਧੀ ਉਨ੍ਹਾਂ ਆਪਣਾ ਪੱਖ ਦੁਹਰਾਉਂਦਿਆਂ ਕਿਹਾ ਕਿ ਇਸ ਨਹਿਰ ਦੀ ਨਾ ਹੀ ਲੋੜ ਸੀ, ਨਾ ਹੈ ਅਤੇ ਨਾ ਹੀ ਬਣਨ ਦਿੱਤੀ ਜਾਵੇਗੀ, ਭਾਵੇਂ ਕਿ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਪੁਲਿਸ ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ, ਡੀ. ਸੀ. ਪੀ ਸ. ਹਰਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਅਕਾਲੀ ਆਗੂ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਨਵਦੀਪ ਸਿੰਘ ਗੋਲਡੀ, ਸ. ਅਜੈਬੀਰ ਪਾਲ ਸਿੰਘ ਰੰਧਾਵਾ, ਸ. ਰਜਿੰਦਰ ਸਿੰਘ ਮਰਵਾਹਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Related Topics: Drugs Abuse and Drugs Trafficking in Punjab, Punjab Politics, Rahul Gandhi, sukhbir singh badal