January 7, 2017 | By ਸਿੱਖ ਸਿਆਸਤ ਬਿਊਰੋ
ਇਸਲਾਮਾਬਾਦ: ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨੀ ਫੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਇੰਤਹਾਪਸੰਦੀ ਦੇ ਖਿਲਾਫ 39 ਮੁਸਲਮਾਨ ਦੇਸ਼ਾਂ ਦੀ ਸਾਂਝੀ ਫੌਜ ਦਾ ਮੁਖੀ ਬਣਾਇਆ ਗਿਆ ਹੈ।
ਸਥਾਨਕ ਟੀਵੀ ਜਿਓ ਨਿਊਜ਼ ਦੇ ਇਕ ਪ੍ਰੋਗਰਾਮ ‘ਚ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਚੋਣ ਦੇ ਬਾਰੇ ‘ਚ ਜਾਣਕਾਰੀ ਹੈ, ਹਾਲਾਂਕਿ ਉਨ੍ਹਾਂ ਨੂੰ ਫਿਲਹਾਲ ਇਸ ਸਮਝੌਤੇ ਬਾਰੇ ਵਿਸਥਾਰ ‘ਚ ਜਾਣਕਾਰੀ ਨਹੀਂ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਫੌਜੀ ਗਠਬੰਧਨ ਬਾਰੇ ਫੈਸਲਾ ਸਰਕਾਰ ਨੂੰ ਵਿਸ਼ਵਾਸ ‘ਚ ਲੈਣ ਤੋਂ ਬਾਅਦ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਕਿਸਮ ਦੀ ਚੋਣ ਜਾਂ ਜ਼ਿੰਮੇਦਾਰੀ ਲਈ ਸਰਕਾਰ ਅਤੇ ਫੌਜ ਦੇ ਮੁੱਖ ਦਫਤਰ ਵਲੋਂ ਮਨਜ਼ੂਰੀ ਮਿਲਣੀ ਜ਼ਰੂਰੀ ਹੁੰਦੀ ਹੈ ਅਤੇ ਇਸ ਵਿਧੀ ਦਾ ਪਾਲਣ ਕੀਤਾ ਗਿਆ ਹੈ।
ਦਸੰਬਰ 2015 ‘ਚ ਅੱਤਵਾਦ ਨਾਲ ਨਿਬੜਣ ਲਈ ਪਾਕਿਸਤਾਨ ਸਣੇ 30 ਤੋਂ ਵੱਧ ਇਸਲਾਮਕ ਦੇਸ਼ਾਂ ਨੇ ਸਾਉਦੀ ਅਰਬ ਦੀ ਪ੍ਰਧਾਨਗੀ ‘ਚ ਇਕ ਫੌਜੀ ਸਾਂਝ ਦਾ ਐਲਾਨ ਕੀਤਾ ਸੀ।
ਇਸ ਗਠਬੰਧਨ ‘ਚ ਪਹਿਲਾਂ 34 ਦੇਸ਼ ਸ਼ਾਮਲ ਸਨ, ਪਰ ਬਾਅਦ ‘ਚ ਉਨ੍ਹਾਂ ਦੀ ਗਿਣਤੀ 39 ਹੋ ਗਈ।
ਇਸਲਾਮੀ ਦੇਸ਼ਾਂ ਦੇ ਫੌਜੀ ਗਠਬੰਧਨ ‘ਚ ਮਿਸਰ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਕਈ ਅਰਬ ਦੇਸ਼ਾਂ ਦੇ ਨਾਲ ਤੁਰਕੀ, ਮਲੇਸ਼ੀਆ, ਪਾਕਿਸਤਾਨ ਅਤੇ ਅਫਰੀਕੀ ਦੇਸ਼ ਸ਼ਾਮਲ ਹਨ।
(ਸਰੋਤ: ਬੀਬੀਸੀ)
Related Topics: Pakistan Army, Raheel Sharif