July 5, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ 11ਵੀ ਅਤੇ 12ਵੀ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਤਿਹਾਸ ਵਿਸ਼ੇ ਨਾਲ ਸਬੰਧਤ ਪੜ੍ਹਨ ਸਮੱਗਰੀ ਅਗਲੇ 15 ਦਿਨਾਂ ਵਿੱਚ ਪਾਠਾਂ ਦੀ ਤਰਤੀਬ ਮੁਤਾਬਿਕ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਇੱਥੇ ਪੰਜਾਬ ਭਵਨ ਵਿਖੇ ਸਕੂਲ ਸਿੱਖਿਆ ਸਬੰਧੀ ਕੈਬਨਿਟ ਮੰਤਰੀ ਪੰਜਾਬ ਉਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਅੱਜ ਬੋਰਡ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਡਾ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰ ਡਾ. ਜੇ.ਐਸ.ਗਰੇਵਾਲ, ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਇੰਦੂ ਬੰਗਾ, ਡਾ. ਬਲਵੰਤ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਗੋਗੋਆਨੀ ਹਾਜ਼ਰ ਸਨ। ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੈਅਰਮੈਨ ਕ੍ਰਿਸ਼ਨ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਵਾਈਸ ਚੇਅਰਮੈਨ ਪ੍ਰਸ਼ਾਂਤ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸੋਨੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ ਅਤੇ ਇਸ ਨੂੰ ਸਿਖਰ ‘ਤੇ ਪਹੁੰਚਾਉਣ ਵਿੱਚ ਸਿੱਖ ਧਰਮ ਦਾ ਅਹਿਮ ਯੋਗਦਾਨ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦਿਲੀ ਇੱਛਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਸਹੀ ਢੰਗ ਨਾਲ ਜਾਣੂ ਕਰਵਾਇਆ ਜਾਵੇ ਅਤੇ ਇਸ ਮਕਸਦ ਲਈ ਉਨ੍ਹਾਂ ਇਹ ਕਮੇਟੀ ਕਾਇਮ ਕੀਤੀ ਹੈ।
ਮੀਟਿੰਗ ਦੌਰਾਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਵਿਸੇਸ਼ ਕਰਕੇ ਸਿੱਖ ਇਤਿਹਾਸ ਦਾ ਇਸ ਪੂਰੇ ਖਿੱਤੇ ਉਤੇ ਡੂੰਘਾ ਪ੍ਰਭਾਵ ਹੈ, ਜਿਸ ਨੇ ਇਸ ਖੇਤਰ ਵਿੱਚ ਬਹੁਤ ਅਹਿਮ ਤਬਦੀਲੀਆਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਯੋਧਿਆਂ ਬਾਰੇ ਸਮਕਾਲੀ ਇਤਿਹਾਸਕਾਰ ਚੰਗੇ ਸ਼ਬਦ ਨਹੀਂ ਸੀ ਵਰਤਦੇ ਪਰ ਸਿੱਖਾਂ ਦਾ ਕੁਰਬਾਨੀ ਪ੍ਰਤੀ ਜਜ਼ਬਾ, ਇਨਸਾਨੀ ਮਾਣ ਮਰਿਆਦਾਵਾਂ ਦੀ ਪਾਲਣਾ ਕਰਨ ਪ੍ਰਤੀ ਨਿਸ਼ਠਾ ਨੂੰ ਦੇਖ ਕੇ ਉਹ ਵੀ ਕਾਇਲ ਹੋ ਗਏ ਸਨ, ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਮਹਾਨ ਬਜ਼ੁਰਗਾਂ ਵਰਗੇ ਕਿਰਦਾਰ ਬਣਾ ਸਕਣ। ਇਸ ਲਈ ਕਿਤਾਬਾਂ ਦੀ ਰੂਪ ਰੇਖਾ ਇਸ ਤਰ੍ਹਾਂ ਦੀ ਹੋਵੇ ਕਿ ਉਹ ਬੱਚਿਆਂ ਨੂੰ ਪ੍ਰੇਰਿਤ ਕਰੇ।
ਕਿਤਾਬ ਦੀ ਰੂਪ ਰੇਖਾ ਬਾਰੇ ਡਾ. ਇੰਦੂ ਬੰਗਾ ਨੇ ਕਿਹਾ ਕਿ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਨੂੰ ਤਿਆਰ ਕਰਨ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ ਕਿ ਵਿਦਿਆਰਥੀ ਜਦੋਂ ਪੰਜਾਬ ਦਾ ਇਤਿਹਾਸ ਪੜ੍ਹਨਗੇ ਤਾਂ ਨਾਲ ਹੀ ਉਸ ਪਾਠਕ੍ਰਮ ਵਿੱਚ ਉਹ ਸਮਕਾਲੀ ਭਾਰਤੀ ਇਤਿਹਾਸ ਤੋਂ ਵੀ ਜਾਣੂ ਹੋਣਗੇ।
ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਟਿੰਗ ਵਿੱਚ ਇਹ ਸਾਂਝੇ ਰੂਪ ਵਿੱਚ ਫ਼ੈਸਲਾ ਲਿਆ ਗਿਆ ਕਿ ਗਿਆਰਵੀਂ ਅਤੇ ਬਾਰ੍ਹਵੀਂ ਦੇ ਇਤਿਹਾਸ ਦੀ ਕਿਤਾਬ ਪਾਠਾਂ ਦੀ ਤਰਤੀਬ ਮੁਤਾਬਿਕ ਤਿਆਰ ਹੋਵੇਗੀ ਅਤੇ ਇਹ ਪਾਠ ਨਾਲ ਦੀ ਨਾਲ ਬੋਰਡ ਦੀ ਵੈਬਸਾਈਟ ਉਤੇ ਚੜ੍ਹਾਏ ਜਾਣਗੇ ਅਤੇ ਪੂਰੀ ਕਿਤਾਬ ਦਸੰਬਰ ਮਹੀਨੇ ਤੱਕ ਤਿਆਰ ਕਰ ਕੇ ਛਾਪ ਦਿੱਤੀ ਜਾਵੇਗੀ।
Related Topics: Distortion of Sikh History in PSEB Class 12 Books, Om Parkash Soni, Punjab Government, Punjab School Of Education Board