December 9, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਬਾਰੇ ਗੰਭੀਰ ਹੈ। ਸੂਤਰਾਂ ਮੁਤਾਬਕ ਚੋਣ ਜ਼ਾਬਤਾ ਕਿਸੇ ਵੇਲੇ ਵੀ ਲੱਗ ਸਕਦਾ ਹੈ ਤੇ ਚੋਣਾਂ 20 ਤੋਂ 30 ਜਨਵਰੀ ਦੇ ਦਰਮਿਆਨ ਹੋ ਸਕਦੀਆਂ ਹਨ। ਚੋਣ ਕਮਿਸ਼ਨ ਦੇ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਦੀ ਅਗਵਾਈ ਵਾਲੀ ਟੀਮ ਨੇ ਕੱਲ੍ਹ ਚੰਡੀਗੜ੍ਹ ਵਿੱਚ ਰਾਜ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਵਧੀਕ ਮੁੱਖ ਸਕੱਤਰ (ਗ੍ਰਹਿ) ਜਗਪਾਲ ਸਿੰਘ ਸੰਧੂ, ਵਧੀਕ ਮੁੱਖ ਸਕੱਤਰ (ਵਿੱਤ) ਸਤੀਸ਼ ਚੰਦਰਾ ਅਤੇ ਡੀਜੀਪੀ ਸੁਰੇਸ਼ ਅਰੋੜਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਕੀਤੀ ਗੱਲਬਾਤ ਤੋਂ ਜਲਦੀ ਚੋਣਾਂ ਹੋਣ ਦੇ ਸੰਕੇਤ ਮਿਲੇ ਹਨ।
ਚੋਣ ਕਮਿਸ਼ਨ ਦੇ ਨੁਮਾਇੰਦਿਆਂ ਨੇ ਸੂਬੇ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ, ਨਸ਼ਿਆਂ ਦੇ ਪ੍ਰਕੋਪ ਅਤੇ ਘਟੀਆ ਕਾਰਗੁਜ਼ਾਰੀ ਵਾਲੇ ਅਫ਼ਸਰਾਂ ਦੀ ਤਾਇਨਾਤੀ ਦੇ ਮੁੱਦੇ ’ਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਕਿਹਾ। ਕਮਿਸ਼ਨ ਨੇ ਚੋਣਾਂ ਦੌਰਾਨ ਨੀਮ ਸੁਰੱਖਿਆ ਬਲਾਂ ਦੀਆਂ 600 ਕੰਪਨੀਆਂ ਤਾਇਨਾਤ ਕਰਨ ਦਾ ਭਰੋਸਾ ਦਿੱਤਾ ਹੈ। ਕਮਿਸ਼ਨ ਵੱਲੋਂ ਪੀਪੀਐਸ ਅਫ਼ਸਰਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਅਹੁਦਿਆਂ ਤੋਂ ਹਟਾਉਣ ਸਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਰਾਜਾਂ ਦੀਆਂ ਚੋਣਾਂ ਇਕੱਠਿਆਂ ਹੋਣੀਆਂ ਹਨ। ਕੱਲ੍ਹ ਦੀ ਮੀਟਿੰਗ ਦੌਰਾਨ ਕਮਿਸ਼ਨ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਸਾਰੇ ਰਾਜਾਂ ਦੀਆਂ ਚੋਣਾਂ ਇਕੱਠਿਆਂ ਤਾਂ ਕਰਾਈਆਂ ਨਹੀਂ ਜਾ ਸਕਦੀਆਂ ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ 6 ਗੇੜਾਂ ਵਿੱਚ ਹੋਣੀਆਂ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣਾਂ ਸਬੰਧੀ ਸੁਝਾਅ ਮੰਗਣ ’ਤੇ ਪੰਜਾਬ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਰਹੱਦੀ ਸੂਬੇ ਦੀਆਂ ਚੋਣਾਂ ਇੱਕੋ ਦਿਨ ਕਰਾਈਆਂ ਜਾਣ ਤੇ ਜੇਕਰ ਸੰਭਵ ਹੋਵੇ ਤਾਂ ਪਹਿਲੇ ਗੇੜ ’ਚ ਹੀ ਵੋਟਾਂ ਪੈਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ। ਸੰਦੀਪ ਸਕਸੈਨਾ ਦੀ ਅਗਵਾਈ ਵਾਲੀ ਕਮਿਸ਼ਨ ਦੀ ਟੀਮ ਨੇ ਅੰਮ੍ਰਿਤਸਰ, ਤਰਨ ਤਾਰਨ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਤਿੰਨ ਰੋਜ਼ਾ ਦੌਰੇ ਦੌਰਾਨ ਪ੍ਰਸ਼ਾਸਨਿਕ ਤੇ ਪੁਲਿਸ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਥਾਣਾ ਪੱਧਰ ਤੱਕ ਸੰਗੀਨ ਅਪਰਾਧ ਅਤੇ ਪੁਲਿਸ ਦੀ ਅਪਰਾਧਾਂ ਤੇ ਨਸ਼ੇ ਫੜਨ ਦੇ ਮਾਮਲੇ ’ਚ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਸੂਤਰਾਂ ਮੁਤਾਬਕ ਕਮਿਸ਼ਨ ਨੇ ਲੁਧਿਆਣਾ ਪੁਲਿਸ ਵੱਲੋਂ ਕੀਤੇ ਕੰਮਾਂ ਦੀ ਜਿੱਥੇ ਪ੍ਰਸ਼ੰਸਾ ਕੀਤੀ, ਉਥੇ ਮਾਝੇ ਦੇ ਜ਼ਿਲ੍ਹਿਆਂ ’ਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਵਾਜਬ ਨਾ ਮੰਨਦਿਆਂ ਸਮਰੱਥ ਅਧਿਕਾਰੀ ਤਾਇਨਾਤ ਕਰਨ ਲਈ ਕਿਹਾ।
ਸਾਲ 2012 ਦੀਆਂ ਚੋਣਾਂ ਦੌਰਾਨ ਪੰਜਾਬ ’ਚ 30 ਜਨਵਰੀ ਨੂੰ ਵੋਟਾਂ ਪਈਆਂ ਸਨ ਤੇ 24 ਦਸੰਬਰ 2011 ਨੂੰ ਚੋਣ ਜ਼ਾਬਤਾ ਲੱਗਾ ਸੀ। ਕਮਿਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਸੰਕੇਤ ਮਿਲੇ ਹਨ ਕਿ ਜੇਕਰ 6 ਗੇੜਾਂ ’ਚ ਵੋਟਾਂ ਪੈਣੀਆਂ ਹਨ ਤਾਂ ਪਹਿਲੇ ਗੇੜ ਦੀਆਂ ਵੋਟਾਂ 20 ਤੋਂ 30 ਜਨਵਰੀ ਦੇ ਦਰਮਿਆਨ ਪਵਾਈਆਂ ਜਾਣਗੀਆਂ। ਆਮ ਤੌਰ ’ਤੇ ਵੋਟਾਂ ਪੈਣ ਅਤੇ ਐਲਾਨ ਵਿੱਚ 40 ਤੋਂ 45 ਕੁ ਦਿਨਾਂ ਦਾ ਵਕਫ਼ਾ ਹੁੰਦਾ ਹੈ। ਇਸ ਤਰ੍ਹਾਂ ਨਾਲ ਇਹ ਸੰਭਾਵਨਾਂ ਜਤਾਈ ਜਾ ਰਹੀ ਹੈ ਕਿ ਚੋਣ ਜ਼ਾਬਤਾ 15 ਦਸੰਬਰ ਤੋਂ ਬਾਅਦ ਕਿਸੇ ਵੀ ਸਮੇਂ ਲੱਗ ਸਕਦਾ ਹੈ।
Related Topics: Aam Aadmi Party's Candidates for Punjab Polls 2017, Election Commission of India, Punjab Elections 2017 (ਪੰਜਾਬ ਚੋਣਾਂ 2017), Punjab Polls 2017