October 29, 2014 | By ਸਿੱਖ ਸਿਆਸਤ ਬਿਊਰੋ
ਤਰਨਤਾਰਨ (28 ਅਕਤੂਬਰ, 2014): ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਜੋਧਪੁਰ ਵਿਖੇ ਵਿਵਾਦਤ ਡੇਰਾ ਨੂਰਮਹਿਲ ਦੇ ਸਮਾਗਮ ਦਾ ਵਿਰੋਧ ਕਰਦਿਆਂ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਕੇ ਭਾਈ ਅਮਰੀਕ ਸਿੰਘ ਅਜਨਾਲਾ, ਮੁਖੀ ਦਮਦਮੀ ਟਕਸਾਲ ਅਜਨਾਲਾ ਸਮੇਤ 10 ਸਿੱਖਾਂ ਨੂੰ ਜਖਮੀ ਕਰ ਦਿੱਤਾ ਹੈ।
ਨੂਰਮਹਿਲੀਆਂ ਦੇ ਤਰਨਤਾਰਨ ਸਥਿਤ ਆਸ਼ਰਮ ਨੂੰ ਮਿਲੇ ਗੰਨਮੈਨ ਵੱਲੋਂ ਸਿੱਖ ਜਥੇਬੰਦੀਆਂ ਦੇ ਮੈਂਬਰਾਂ ‘ਤੇ ਚਲਾਈਆਂ ਸਿੱਧੀਆਂ ਗੋਲੀਆਂ ਕਾਰਨ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਸਮੇਤ 10 ਵਿਅਕਤੀ ਜ਼ਖਮੀ ਹੋ ਗਏ, ਜਿਨਾਂ ਵਿਚ 2 ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਐੱਸ. ਐੱਸ. ਪੀ. ਮਨਮੋਹਨ ਸ਼ਰਮਾ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੰੁਚੇ ਅਤੇ ਸਥਿਤੀ ਨੂੰ ਕਾਬੂ ਕੀਤਾ ਙ ਖ਼ਬਰ ਲਿਖੇ ਜਾਣ ਤੱਕ ਸ਼ਹਿਰ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਪ੍ਰੰਤੂ ਕਾਬੂ ‘ਚ ਹੈ।
ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਵਿਖੇ ਸਾਬਕਾ ਫੌਜੀ ਹਰਜੀਤ ਸਿੰਘ ਦੇ ਗ੍ਰਹਿ ਵਿਖੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ (ਨੂਰਮਹਿਲ) ਵੱਲੋਂ ਪ੍ਰੋਗਰਾਮ ਰੱਖਿਆ ਸੀ। ਭਾਈ ਅਮਰੀਕ ਸਿੰਘ ਅਜਨਾਲ ਦੀ ਅਗਵਾਈ ਵਿੱਚ ਸਿੱਖ ਨੂਰਮਹਿਲੀਆਂ ਦੇ ਇਸ ਸਮਾਗਮ ਦਾ ਇਸ ਕਰਕਰੇ ਵਿਰੋਧ ਕਰ ਰਹੇ ਸਨ, ਕਿ ਨੂਰਮਹਿਲੀਏ ਪ੍ਰਚਾਰਕ ਗੁਰਬਾਣੀ ਨੂੰ ਤੋੜ ਮਰੋੜ ਕੇ ਗਲਤ ਅਰਥਾਂ ਵਿੱਚ ਪੇਸ਼ ਕਰਦੇ ਹਨ।
ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਪ੍ਰੋਗਰਾਮ ਰੋਕਣ ਸਬੰਧੀ ਸੂਚਿਤ ਕੀਤਾ ਗਿਆ ਸੀ। ਇਸ ਸਬੰਧ ਵਿਚ ਸਿਰਫ਼ 8-10 ਮੁਲਾਜ਼ਮ ਮੌਕੇ ‘ਤੇ ਤਾਇਨਾਤ ਕੀਤੇ ਗਏ। ਜਦ ਇਹ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਤਾਂ ਸਿੱਖ ਜਥੇਬੰਦੀਆਂ ਨੇ ਇਸਦਾ ਵਿਰੋਧ ਕੀਤਾ।
ਜਿਵੇਂ ਹੀ ਸਿੱਖ ਕਾਰਕੁਨ ਮੌਕੇ ’ਤੇ ਪੁੱਜੇ ਤਾਂ ਸਤਿਸੰਗ ਵਿੱਚ ਸ਼ਾਮਲ ਡੇਰੇ ਦੀਆਂ ਪੈਰੋਕਾਰ ਔਰਤ-ਮਰਦਾਂ ਨੇ ਕੋਠਿਆਂ ’ਤੇ ਚੜ੍ਹ ਕੇ ਬਨੇਰੇ ਦੀਆਂ ਇੱਟਾਂ ਉਖਾੜ ਕੇ ਸਿੱਖ ਕਾਰਕੁਨਾਂ ਉਪਰ ਇੱਟਾਂ ਦਾ ਮੀਂਹ ਵਰ੍ਹਾ ਦਿੱਤਾ।ਇਹ ਸਭ ਕੁਝ ਪੁਲੀਸ ਦੀ ਹਾਜ਼ਰੀ ’ਚ ਹੀ ਹੋਇਆ।
ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ‘ਤੇ ਦੋਵਾਂ ਧਿਰਾਂ ਨੇ ਇਕ ਦੂਸਰੇ ‘ਤੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੂੰ ਮਿਲੇ ਪੰਜਾਬ ਪੁਲਿਸ ਦੇ ਗੰਨਮੈਨ ਵੱਲੋਂ ਤੈਸ਼ ਵਿਚ ਆ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ, ਜਰਨੈਲ ਸਿੰਘ ਝਬਾਲ, ਬਲਵਿੰਦਰ ਸਿੰਘ ਤਰਨ ਤਾਰਨ, ਨਿਸ਼ਾਨ ਸਿੰਘ ਤਰਨ ਤਾਰਨ, ਕੁਲਜੀਤ ਸਿੰਘ ਝਬਾਲ, ਸਿਮਰਜੀਤ ਸਿੰਘ ਜੋਧਪੁਰ, ਕੁਲਵੰਤ ਸਿੰਘ ਸੋਹਲ, ਜਸਕਰਨ ਸਿੰਘ ਪੰਡੋਰੀ ਰਣ ਸਿੰਘ, ਭਾਈ ਤਰਲੋਚਨ ਸਿੰਘ ਗੱਗੋਬੂਹਾ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਭਾਈ ਰਜਿੰਦਰ ਸਿੰਘ ਜ਼ਖਮੀ ਹੋ ਗਏ।
ਇਨ੍ਹਾਂ ਵਿਚੋਂ ਭਾਈ ਤਰਲੋਚਨ ਸਿੰਘ ਤੇ ਭਾਈ ਰਜਿੰਦਰ ਸਿੰਘ ਦੀ ਹਾਲਤ ਗੰਭੀਰ ਹੈ । ਪਥਰਾਅ ‘ਚ ਨੂਰਮਹਿਲੀਆਂ ਨਾਲ ਸਬੰਧਿਤ 4-5 ਲੋਕ ਵੀ ਜ਼ਖਮੀ ਹੋਏ ਹਨ। ਤਰਨਤਾਰਨ ਦੇ ਐੱਸ. ਐੱਸ.ਪੀ. ਮਨਮੋਹਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਵਿਚ ਇਕ ਤਰਫ਼ੋ ਗੋਲੀਆਂ ਅਤੇ ਦੂਜੇ ਪਾਸੋਂ ਪੱਥਰ ਚੱਲੇ ਹਨ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਪਰੋਕਤ ਘਟਨਾ ਦੀ ਨਿਖੇਧੀ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨੂਰ ਮਹਿਲ ਦੇ ਕਾਰਕੁਨਾਂ ਵੱਲੋਂ ਨਿਹੱਥੇ ਸਿੰਘਾਂ ’ਤੇ ਗੋਲੀ ਚਲਾਈ ਗਈ ਹੈ। ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਪਹਿਲਾਂ ਹੀ ਸਰਕਾਰ ਨੂੰ ਕਿਹਾ ਜਾ ਚੁੱਕਾ ਹੈ। ਉਨ੍ਹਾਂ ਗੋਲੀ ਚਲਾਉਣ ਵਾਲੇ ਤੇਜਿੰਦਰ ਸਿੰਘ ਸਿਪਾਹੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਦਿਆਂ ਨੌਕਰੀ ਤੋਂ ਬਰਖਾਸਤ ਕਰਨ ਅਤੇ ਕੇਸ ਚਲਾਉਣ ਦੀ ਮੰਗ ਕੀਤੀ ਹੈ।
Related Topics: Dera noormahal ashutosh, Jodhpur Firing Incident, Punjab Police, Tarn Taran