September 4, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: 5 ਸਤੰਬਰ ਨੂੰ ਐੱਸ.ਵਾਈ.ਐੱਲ ਨਹਿਰ ਉੱਪਰ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਜਾ ਬੈਠੇ ਹਨ ਅਤੇ ਵੱਖ-ਵੱਖ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਐਸ.ਵਾਈ.ਐਲ ਦਾ ਫੈਸਲਾ ਪੰਜਾਬ ਦੇ ਹੱਕ ਵਿੱਚ ਕਰਵਾਇਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਰਵੱਈਏ ਉੱਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਟਿੱਪਣੀ ਕਰਦਿਆਂ ਕਿਹਾ ਕਿ ਅਸਲ ਵਿੱਚ ਇਹ ਰਾਜਨੀਤਕ ਨਾਟਕ ਤੋਂ ਵਧ ਕੇ ਹੋਰ ਕੁਝ ਨਹੀਂ ਹੈ ਕਿਉਂਕਿ ਪੰਜਾਬ ਦੀ ਹਰ ਸਰਕਾਰ ਅਹਿਮ ਮੁੱਦੇ ਤੋਂ ਹਮੇਸ਼ਾ ਭੱਜਦੀ ਆਈ ਹੈ। ਉਨ੍ਹਾਂ ਕਿਹਾ ਕਿ ਅਹਿਮ ਮੁੱਦਾ ਤਾਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਜਾ ਰਿਹਾ ਪਾਣੀ ਹੈ, ਪਰ ਅਫ਼ਸੋਸ ਕਿ ਪੰਜਾਬ ਦੀ ਕੋਈ ਵੀ ਮੁੱਖ ਰਾਜਨੀਤਕ ਪਾਰਟੀ ਪੰਜਾਬ ਤੋਂ ਬਾਹਰ ਜਾਂਦੇ ਪਾਣੀਆਂ ਨੂੰ ਰੋਕਣ ਦੀ ਗੱਲ ਨਹੀਂ ਕਰਦੀ ਕਿਉਂਕਿ ਇਹ ਸਭ ਰਾਜਨੀਤਕ ਪਾਰਟੀਆਂ ਦਿੱਲੀ ਦਾ ਦਿੱਤਾ ਹੋਇਆ ਖਾਂਦੀਆਂ ਹਨ ਅਤੇ ਦਿੱਲੀ ਦੇ ਖਿਲਾਫ ਬੋਲਣਾ ਇਹਨਾਂ ਲਈ ਆਪਣੀ ਸਾਹ ਰਗ ਉਪਰ ਹੱਥ ਰੱਖਣਾ ਹੋਵੇਗਾ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੰਨੇ ਹੀ ਸੁਚੇਤ ਹਨ ਤਾਂ ਉਹ ਪੰਜਾਬ ਵਿੱਚ ਬੰਜਰ ਹੋ ਰਹੀਆਂ ਨਹਿਰਾਂ ਵੱਲ ਝਾਤ ਕਿਉਂ ਨਹੀਂ ਮਾਰਦੇ? ਪੰਜਾਬ ਦੀਆਂ ਨਹਿਰਾਂ ਵਿੱਚ ਪੂਰਾ ਪਾਣੀ ਨਾ ਆਉਣ ਕਾਰਨ ਪੰਜਾਬ ਵਿੱਚ ਸਾਉਣੀ ਦੀਆਂ ਫਸਲਾਂ ਉਪਰ ਬਹੁਤ ਮਾੜਾ ਪ੍ਰਭਾਵ ਪਿਆ ਹੈ।
ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਫਲੋਰਾਈਡ ਦੀ ਲਗਾਤਾਰ ਵੱਧਦੀ ਮਾਤਰਾ ਉਪਰ ਚਿੰਤਾ ਪ੍ਰਗਟ ਕਰਦਿਆਂ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸਮਾਂ ਦੂਰ ਨਹੀਂ ਹੋਵੇਗਾ ਜਦ ਪੰਜਾਬ ਦੇ ਲੋਕ ਹੱਡੀਆਂ ਦੇ ਦਰਦਾਂ ਕਾਰਨ ਠੀਕ ਤਰ੍ਹਾਂ ਚੱਲ ਨਹੀਂ ਪਾਉਣਗੇ ਅਤੇ ਉਹ ਆਪਣੇ ਦੰਦਾਂ ਨੂੰ ਵੀ ਲੰਬਾ ਸਮਾਂ ਬਚਾ ਕੇ ਨਹੀਂ ਰੱਖ ਸਕਣਗੇ।
ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਛਲਾਵਿਆਂ ਚੋਂ ਬਾਹਰ ਨਿਕਲਣ ਅਤੇ ਆਪਣੇ ਕੁਦਰਤੀ ਸਰੋਤਾਂ ਦੇ ਆਪ ਰਾਖੇ ਬਣਨ ਕਿਉਂਕਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨੂੰਨਾਂ ਮੁਤਾਬਕ ਪੰਜਾਬ ਦੇ ਪਾਣੀਆਂ ਉੱਪਰ ਹੱਕ ਸਿਰਫ਼ ਪੰਜਾਬ ਦੇ ਲੋਕਾਂ ਦਾ ਹੈ ਨਾ ਕਿ ਭਾਰਤ ਦਾ।
Related Topics: Captain Amrinder Singh Government, Indian Satae, Paramjit Singh Mand, Punjab Government, Sikh Youth of Punjab