May 20, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (19 ਮਈ, 2015): ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਹੋਏ ਸਭਰਾਵਾਂ ਦੇ ਪ੍ਰਸਿੱਧ ਜੰਗ ਵਿੱਚ ਸਿੱਖ ਰਾਜ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਸੁਰਬੀਰ ਯੋਧੇ ਸ੍ਰ. ਸ਼ਾਮ ਸਿੰਘ ਅਟਾਰੀ ਦੇ ਨਾਮ ‘ਤੇ ਪੰਜਾਬ ਸਰਕਾਰ ਨੇ ਅਟਾਰੀ ਰੇਲਵੇ ਸਟੇਸ਼ਨ ਦਾ ਨਾਂਅ ‘ਅਟਾਰੀ ਸ਼ਾਮ ਸਿੰਘ’ ਰੇਲਵੇ ਸਟੇਸ਼ਨ ਰੱਖਣ ਦਾ ਐਲਾਨ ਕੀਤਾ ਹੈ ।
ਇਸ ਯੁੱਧ ਵਿਚ ਸਿੱਖ ਗਦਾਰਾਂ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਅੰਗਰੇਜ਼ ਫ਼ੌਜਾਂ ਨਾਲ ਬਹਾਦੁਰੀ ਨਾਲ ਲੋਹਾ ਲਿਆ ਅਤੇ 10 ਫਰਵਰੀ, 1846 ਨੂੰ ਯੁੱਧ ਦੇ ਮੈਦਾਨ ਵਿਚ ਸ. ਸ਼ਾਮ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ।
ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਸਬੰਧ ਵਿਚ ਕੋਈ ਇਤਰਾਜ਼ ਨਾ ਜਤਾਉਣ ‘ਤੇ ਸੂਬਾ ਸਰਕਾਰ ਨੇ ਅਟਾਰੀ ਸਟੇਸ਼ਨ ਦਾ ਨਾਂਅ ‘ਅਟਾਰੀ ਸ਼ਾਮ ਸਿੰਘ’ ਰੇਲਵੇ ਸਟੇਸ਼ਨ ਰੱਖਣ ਦਾ ਫ਼ੈਸਲਾ ਲਿਆ ।
ਅਫ਼ਗਾਨ-ਸਿੱਖ ਯੁੱਧਾਂ ‘ਚ ਬਹਾਦਰੀ ਨਾਲ ਲੜਿਆ ਸ. ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀ ਵਾਲਾ ਸੰਨ 1817 ਵਿਚ ਸਿੱਖ ਫ਼ੌਜ ਵਿਚ ਸ਼ਾਮਿਲ ਹੋਇਆ ਤੇ ਅਫ਼ਗਾਨ-ਸਿੱਖ ਜੰਗਾਂ ਜਿਵੇਂ ਅਟਕ ਦੀ ਜੰਗ,
ਮੁਲਤਾਨ ਦੀ ਜੰਗ, ਪਿਸ਼ਾਵਰ ਦੀ ਜੰਗ ਅਤੇ ਸੰਨ 1819 ਵਿਚ ਕਸ਼ਮੀਰ ਹਮਲੇ ਵਿਚ ਬਹਾਦਰੀ ਨਾਲ ਸ਼ਮੂਲੀਅਤ ਕੀਤੀ । ਲਾਹੌਰ ਦਰਬਾਰ ਦੀ ਸਿੱਖ ਫ਼ੌਜ ਵਿਚ ਸ਼ਾਮਿਲ ਹੋ ਕੇ ਆਪਣੀ ਸੂਰਬੀਰਤਾ ਦਾ ਪ੍ਰਗਟਾਵਾ ਕਰਨ ਵਾਲੇ ਸ. ਸ਼ਾਮ ਸਿੰਘ ਅਟਾਰੀ ਦਾ ਜਨਮ ਸ. ਨਿਹਾਲ ਸਿੰਘ ਦੇ ਘਰ ਪਿੰਡ ਅਟਾਰੀ (ਜ਼ਿਲ੍ਹਾ ਅੰਮਿ੍ਤਸਰ) ਵਿਚ ਹੋਇਆ ।
ਆਪ ਸ. ਨਿਹਾਲ ਸਿੰਘ ਅਟਾਰੀ ਦੇ ਇਕਲੌਤੇ ਪੁੱਤਰ ਅਤੇ ਸ. ਗੌਰ ਸਿੰਘ ਅਟਾਰੀ ਦੇ ਪੋਤਰੇ ਸਨ । ਸ. ਨਿਹਾਲ ਸਿੰਘ ਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਨਿੱਘੇ ਸਬੰਧ ਸਨ । ਸ. ਸ਼ਾਮ ਸਿੰਘ ਅਟਾਰੀ ਨੇ ਸੰਨ 1817 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ । ਆਪ ਨੇ ਮੁਲਤਾਨ ਦੀ ਜੰਗ, 1819 ਦੀ ਕਸ਼ਮੀਰ ‘ਤੇ ਹਮਲੇ ਸਮੇਂ ਬੜੀ ਬਹਾਦਰੀ ਵਿਖਾਈ ।
ਸਰਹੱਦੀ ਪਠਾਣਾਂ ਦੀਆਂ ਜੰਗਾਂ ਵਿਚ ਆਪ ਨੇ ਇਕ ਦਲੇਰ ਸਿੱਖ ਜਰਨੈਲ ਵਜੋਂ ਬੇਮਿਸਾਲ ਨਾਮਣਾ ਖੱਟਿਆ । ਸ਼ੇਰੇ-ਏ-ਪੰਜਾਬ ਦੀ ਮੌਤ ਉਪਰੰਤ ਲਾਹੌਰ ਦਰਬਾਰ ਦੀਆਂ ਸਾਜ਼ਿਸ਼ਾਂ ਤੋਂ ਨਿਰਾਸ਼ ਹੋ ਕੇ ਆਪ ਜ਼ਿਆਦਾ ਸਮਾਂ ਅਟਾਰੀ ਵਿਚ ਹੀ ਰਹੇ ਪਰ ਬਾਅਦ ਵਿਚ ਮਹਾਰਾਣੀ ਜਿੰਦਾਂ ਦੇ ਦਖ਼ਲ ਕਾਰਨ ਆਪ ਨੇ ਯੁੱਧ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਤੇ ਅੰਗਰੇਜ਼ਾਂ ਨਾਲ ਸਭਰਾਉਂ ਦੇ ਮੈਦਾਨ ਵਿਚ ਹੋਏ ਯੁੱਧ ਵਿਚ ਆਪਾ ਵਾਰਨ ਲਈ ਸ. ਸ਼ਾਮ ਸਿੰਘ ਅਟਾਰੀ ਵਾਲਾ ਸ਼ਾਮਿਲ ਹੋਇਆ ।
Related Topics: Punjab Government, S. Sham Singh Atari