ਸਿੱਖ ਖਬਰਾਂ

ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਯਾਦਗਾਰਾਂ ਪ੍ਰਤੀ ਸਰਕਾਰ ਅਵੇਸਲੀ

June 29, 2016 | By

ਅੰਮ੍ਰਿਤਸਰ: ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਤਾਂ ਕਰਦੀ ਹੈ ਪ੍ਰੰਤੂ ਉਨ੍ਹਾਂ ਨਾਲ ਸਬੰਧਤ ਯਾਦਾਂ ਪ੍ਰਤੀ ਅਵੇਸਲੀ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਇੱਥੇ ਰਾਮ ਬਾਗ ਵਿਖੇ ਸਥਾਪਤ ਹੈ, ਜਿੱਥੇ 2007 ਤੋਂ ਮੁਰੰਮਤ ਚੱਲ ਰਹੀ ਹੈ ਪ੍ਰੰਤੂ ਹੁਣ ਤੱਕ ਮੁਕੰਮਲ ਨਹੀਂ ਹੋਈ ਹੈ। ਮੁਰੰਮਤ ਕਾਰਨ ਇਹ ਸਮਰ ਪੈਲੇਸ ਯਾਤਰੂਆਂ ਲਈ ਬੰਦ ਹੈ। ਇੱਥੇ ਸਥਾਪਤ ਅਜਾਇਬ ਘਰ ਵੀ ਇਸ ਵੇਲੇ ਪੈਨੋਰਮਾ ਵਾਲੀ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ, ਜਿਥੇ ਜਗ੍ਹਾ ਦੀ ਘਾਟ ਕਾਰਨ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਨਿਸ਼ਾਨੀਆਂ ਪੂਰੀ ਤਰ੍ਹਾਂ ਪ੍ਰਦਰਸ਼ਿਤ ਨਹੀਂ ਕੀਤੀਆਂ ਜਾ ਸਕੀਆਂ। ਸਮਰ ਪੈਲੇਸ ਦੀ ਛੱਤ ’ਤੇ ਬਣੇ ਕਮਰਿਆਂ ਵਿੱਚ ਕੰਧ ਕਲਾ ਨੂੰ ਵੀ ਅਵੇਸਲੇਪਣ ਕਾਰਨ ਨੁਕਸਾਨ ਪੁੱਜਿਆ ਹੈ। ਉਂਜ ਵੀ ਇਤਿਹਾਸਕ ਰਾਮ ਬਾਗ ਦੇ ਕਬਜ਼ੇ ਸਬੰਧੀ ਭਾਰਤੀ ਪੁਰਾਤਤਵ ਵਿਭਾਗ ਅਤੇ ਪੰਜਾਬ ਸਰਕਾਰ ਵਿਚਾਲੇ ਖਿਚੋਤਾਣ ਜਾਰੀ ਹੈ। ਇਸ ਇਤਿਹਾਸਕ ਰਾਮ ਬਾਗ ਨੂੰ ਵਿਰਾਸਤੀ ਇਮਾਰਤ ਐਲਾਨਿਆ ਜਾ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਇਸ ਦਾ ਮੁਕੰਮਲ ਕਬਜ਼ਾ ਭਾਰਤੀ ਪੁਰਾਤਤਵ ਵਿਭਾਗ ਨੂੰ ਨਹੀਂ ਮਿਲਿਆ ਹੈ ਅਤੇ ਕਬਜ਼ਾ ਲੈਣ ਦਾ ਮਾਮਲਾ ਹਾਈ ਕੋਰਟ ਦੇ ਵਿਚਾਰਅਧੀਨ ਹੈ। ਦੋ ਧਿਰਾਂ ਦੀ ਆਪਸੀ ਖਿਚੋਤਾਣ ਵਿੱਚ ਫਸੀ ਇਸ ਇਤਿਹਾਸਕ ਯਾਦਗਾਰ ਦੀ ਮੁਰੰਮਤ ਦਾ ਕੰਮ ਲਗਾਤਾਰ ਲਟਕ ਰਿਹਾ ਹੈ।

ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ, ਜਿਸਦੀ ਮੁਰੰਮਤ ਦਾ ਕਾਰਜ ਹਾਲੇ ਜਾਰੀ ਹੈ

ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ, ਜਿਸਦੀ ਮੁਰੰਮਤ ਦਾ ਕਾਰਜ ਹਾਲੇ ਜਾਰੀ ਹੈ

ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਗੋਬਿੰਦਗੜ੍ਹ ਕਿਲੇ ਦੀ ਮੁਰੰਮਤ ਵੀ 2007 ਤੋਂ ਜਾਰੀ ਹੈ ਅਤੇ ਹੁਣ ਤੱਕ ਮੁਕੰਮਲ ਨਹੀਂ ਹੋ ਸਕੀ ਹੈ। ਸੈਰ ਸਪਾਟਾ ਵਿਭਾਗ ਵੱਲੋਂ ਹਰ ਵਾਰ ਦਾਅਵਾ ਕੀਤਾ ਜਾਂਦਾ ਹੈ ਕਿ ਜਲਦੀ ਹੀ ਮੁਰੰਮਤ ਦਾ ਕੰਮ ਖ਼ਤਮ ਹੋ ਜਾਵੇਗਾ ਅਤੇ ਇਸ ਯਾਦਗਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਪਰ ਪਿਛਲੇ ਇੱਕ ਦਹਾਕੇ ਤੋਂ ਇਹ ਕਿਲ੍ਹਾ ਲੋਕਾਂ ਲਈ ਖੋਲ੍ਹਿਆ ਨਹੀਂ ਗਿਆ। 2006 ਵਿੱਚ ਇਹ ਕਿਲ੍ਹਾ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਇਹ ਕਿਲਾ ਭਾਰਤੀ ਫੌਜ ਦੇ ਕਬਜ਼ੇ ਵਿੱਚ ਸੀ। ਪੰਜਾਬ ਸਰਕਾਰ ਵੱਲੋਂ ਕਿਲੇ ਦੀ ਮੁਰੰਮਤ ਕਰਕੇ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਕੈਫੇ ਆਦਿ ਸਥਾਪਤ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਹੋਰ ਯਾਦਾਂ ਵੀ ਸਰਕਾਰ ਦੇ ਅਵੇਸਲੇਪਣ ਕਾਰਨ ਲੋਕਾਂ ਲਈ ਖਿੱਚ ਦਾ ਕੇਂਦਰ ਨਹੀਂ ਬਣ ਸਕੀਆਂ ਹਨ, ਜਿਨ੍ਹਾਂ ਵਿੱਚ ਰਾਮ ਬਾਗ ਗੇਟ ਅਤੇ ਪੁਲ ਕੰਜਰੀ ਆਦਿ ਸ਼ਾਮਲ ਹਨ।

ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ ਮਨਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ ਦੇ ਸਬੰਧ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਕਾਰਜਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਵਿਖੇ ਅਤੇ ਤਰਨ ਤਾਰਨ ਸਥਿਤ ਦਰਬਾਰ ਸਾਹਿਬ ਵਿਖੇ ਵੀ ਸੋਨੇ ਦੀ ਸੇਵਾ ਕਰਵਾਈ ਸੀ। ਇਸੇ ਦੌਰਾਨ ਲਾਹੌਰ ਵਿੱਚ ਵੀ ਸਿੱਖ ਸ਼ਰਧਾਲੂਆਂ ਵੱਲੋਂ ਬਰਸੀ ਮਨਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,