ਸਿੱਖ ਖਬਰਾਂ

ਕੇ.ਪੀ.ਐੱਸ. ਗਿੱਲ ਦੇ ਅਣਮਨੁੱਖੀ ਕਾਰੇ ਬਿਆਨਦੀ ਕਿਤਾਬ ‘ਪੰਜਾਬ ਦਾ ਬੁੱਚੜ’ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ

January 10, 2019 | By

ਅੰਮ੍ਰਿਤਸਰ: ਪੰਜਾਬ ਅੰਦਰ ਡੇਢ ਦਹਾਕਾ ਚੱਲੇ ਸਰਕਾਰੀ ਦਹਿਸ਼ਤਗਰਦੀ ਦੇ ਦੌਰ ਦੌਰਾਨ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਥਾਣਿਆਂ ਤੇ ਤਸੀਹਾ ਕੇਂਦਰਾਂ ਵਿੱਚ ਕੋਹ-ਕੋਹ ਕੇ ਮਾਰਨ ਲਈ ਜ਼ਿੰਮੇਵਾਰ ਦੱਸੇ ਜਾਂਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦੇ ਕਾਰਨਾਮਿਆਂ ਨੂੰ ਬਿਆਨ ਕਰਦੀ ਕਿਤਾਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ ਗਈ। ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸੇਕ ਆਪਣੇ ਪਿੰਡੇ ਤੇ ਹੰਢਾਉਣ ਵਾਲੇ ਨੌਜਵਾਨ ਸ. ਸਰਬਜੀਤ ਸਿੰਘ ਘੁਮਾਣ ਵਲੋਂ ਲਿਖੀ ਪੁਸਤਕ ‘ਪੰਜਾਬ ਦਾ ਬੱੁਚੜ’ ਜਾਰੀ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਪਹਿਲੀ ਕਿਤਾਬ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸ਼ਹੀਦ ਜਨਰਲ ਸ਼ੁਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ ਨੂੰ ਭੇਟ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ ਲਖ਼ਤੇ ਜ਼ਿਗਰ ਜਾਂ ਸਿਰ ਦੇ ਸਾਂਈਂ ਜਾਂ ਭਰਾ, ਗਿੱਲ ਦੇ ਰਾਜ ਭਾਗ ਦੌਰਾਨ ਸਰਕਾਰੀ ਦਹਿਸ਼ਤਗਰਦੀ ਦੀ ਭੇਟ ਚਾੜ੍ਹ ਦਿੱਤੇ ਗਏ।

ਕਿਤਾਬ ਜਾਰੀ ਕਰਨ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ. ਕੰਵਰਪਾਲ ਸਿੰਘ, ਸ. ਸਰਬਜੀਤ ਸਿੰਘ ਘੁਮਾਣ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬੀਬੀ ਪਰਮਜੀਤ ਕੌਰ ਖ਼ਾਲੜਾ ਤੇ ਹੋਰ।

ਇਸ ਮੌਕੇ ਦਲ ਖ਼ਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੈਗਜ਼ੀਨ ਖ਼ਾਲਸਾ ਫ਼ਤਹਿਨਾਮਾ ਦੇ ਸ. ਰਣਜੀਤ ਸਿੰਘ ਸੁਲਤਾਨਵਿੰਡ ਅਤੇ ਬੀਬੀ ਯਸ਼ਪ੍ਰੀਤ ਕੌਰ ਵੀ ਹਾਜਰ ਸਨ। ਭਾਈ ਘੁਮਾਣ ਵਲੋਂ ਬੀਬੀ ਪਰਮਜੀਤ ਕੌਰ ਖਾਲੜਾ, ਭਾਈ ਬੇਅੰਤ ਸਿੰਘ ਖਿਆਲਾ ਤੇ ਸ਼ਹੀਦ ਪਰਿਵਾਰਾਂ ਦੀਆਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਹੁਰਾਂ ਨੇ ਭਾਈ ਘੁਮਾਣ ਅਤੇ ਹੋਰਾਂ ਆਗੂਆਂ ਨੂੰ ਵੀ ਸਿਰੋਪਾਉ ਦੀ ਬਖਸ਼ਿਸ਼ ਕਰਦਿਆਂ ਅਸੀਸਾਂ ਦਿੱਤੀਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਰਬਜੀਤ ਸਿੰਘ ਘੁਮਾਣ ਨੇ ਕਿਹਾ ਕਿ ਕੇ.ਪੀ.ਐਸ.ਗਿੱਲ ਦਾ ਪੰਜਾਬ ਪੁਲਿਸ ਮੁਖੀ ਵਜੋਂ ਕਾਰਜਕਾਲ ਮਨੁੱਖੀ ਹੱਕਾਂ ਦੀਆਂ ਡੀਂਗਾ ਮਾਰਨ ਵਾਲੇ ਭਾਰਤੀ ਨਿਜ਼ਾਮ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਗਿੱਲ ਦੇ ਸੋਹਿਲੇ ਪੜ੍ਹਨ ਵਾਲੇ ਤਾਂ ਬਹੁਤ ਅੱਗੇ ਆਏ ਹਨ ਪਰਜਿਨ੍ਹਾਂ ਪਰਿਵਾਰਾਂ ਦੇ ਆਪਣਿਆਂ ਨਾਲ ਗਿੱਲ ਦੇ ਹੁਕਮਾਂ ਤੇ ਬੁੱਚੜਾਂ ਵਰਗਾ ਸਲੂਕ ਕੀਤਾ ਗਿਆ ਉਨ੍ਹਾਂ ਦਾ ਪੱਖ ਅਜੇ ਤੀਕ ਸਾਹਮਣੇ ਨਹੀਂ ਸੀ ਰੱਖਿਆ ਗਿਆ ਤੇ ਇਹ ਕਿਤਾਬ ਇੱਕ ਕੋਸ਼ਿਸ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,