August 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੱਡਵੈਸਟ ਦੀਆਂ ਸਾਰੀਆਂ ਸਟੇਟਾਂ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਸਾਂਝੇ ਤੌਰ ‘ਤੇ ਸ਼ਿਕਾਗੋ ਵਿਖੇ ਸਥਿਤ ਭਾਰਤੀ ਸਫਾਰਤਖਾਨੇ ਅੱਗੇ 21 ਅਗਸਤ ਦਿਨ ਮੰਗਲਵਾਰ ਨੂੰ ਰੋਸ ਮੁਜ਼ਾਹਰਾ ਕਰਨਗੀਆਂ।
ਭਾਈ ਧਿਆਨ ਸਿੰਘ ਮੰਡ ਨੇ ਵਿਦੇਸ਼ਾਂ ਵਿਚ ਬੈਠੀ ਸਿੱਖ ਕੌਮ ਦੇ ਨਾਮ ਭੇਜੇ ਸੰਦੇਸ਼ ਵਿਚ ਕਿਹਾ ਕਿ 21 ਅਗਸਤ, ਦਿਨ ਮੰਗਲਵਾਰ ਨੂੰ ਦੁਨੀਆ ਭਰ ਵਿਚ ਭਾਰਤੀ ਸਫਾਰਤਖਾਨਿਆਂ ਅਤੇ ਯ.ੂਐਨ.ਓ. ਦੇ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਜਾਣ।
ਦੁਨੀਆ ਦੇ ਭਰ ਦੇ ਸਿੱਖ ਤਿੰਨ ਮੰਗਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਬਹਿਬਲ ਕਲਾਂ ਵਿਚ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਦੀ ਗ੍ਰਿਫਤਾਰੀ, ਲੰਮੇ ਸਮੇਂ ਤੋਂ ਜੇਲਾਂ ਵਿਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ, ਨੂੰ ਲੈ ਕੇ ਇਹ ਰੋਸ-ਮੁਜ਼ਾਹਰੇ ਕਰ ਰਹੇ ਹਨ।
ਇਸ ਸਬੰਧੀ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਗੁਰਦੁਆਰਾ ਸਾਹਿਬ ਵੱਲੋਂ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ ਜੋ 12 ਵਜੇ ਗੁਰਦੁਆਰਾ ਸਾਹਿਬ ਤੋਂ ਚੱਲੇਗੀ ਤੇ 2 ਵਜੇ ਤੋਂ ਲੈ ਕੇ 4 ਵਜੇ ਤਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਇੰਡੀਆਨਾ, ਉਹਾਇਓ, ਮਿਸ਼ੀਗਨ, ਵਿਸਕੌਂਸਿਨ ਤੇ ਆਇਓਵਾ ਦੀਆਂ ਸਮੁੱਚੀਆਂ ਸੰਗਤਾਂ ਨੂੰ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ, ਜਥੇਬੰਦੀਆਂ ਤੇ ਸਮੁੱਚੀਆਂ ਸਪੋਰਟਸ ਕਲੱਬਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਇਕੱਠੇ ਹੋ ਕੇ ਅਤੇ ਇੱਕਜੁਟਤਾ ਦਾ ਸਬੂਤ ਦੇ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਅਤੇ ਭਾਰਤ ਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪੁੱਜਦੀ ਕਰੀਏ।
ਇਹ ਖ਼ਬਰ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਅਖਬਾਰ ਵਿਚ ਛਪੀ ਸੀ। ਧੰਨਵਾਦ ਸਹਿਤ ਇਥੇ ਛਾਪ ਰਹੇ ਹਾਂ।
Related Topics: Chicago Sikhs, Sikhs