September 13, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਲੋਕ ਹਿੱਤ ਅਭਿਆਨ ਦੇ ਕਨਵੀਨਰ ਅਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਆਖਿਆ ਹੈ ਕਿ ਪੰਜਾਬ ਨੂੰ ਹੁਣ ਚੌਥੇ ਫ਼ਰੰਟ ਦੀ ਲੋੜ ਨਹੀਂ ਹੈ। ਇਹ ਫ਼ਰੰਟ ਬਾਦਲ ਦਲ ਤੇ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਚੌਥੇ ਫ਼ਰੰਟ ਦੇ ਆਗੂਆਂ ਨੂੰ ਪੰਜਾਬ ਦੀ ਬਿਹਤਰੀ ਲਈ ਰਾਜ ਦੇ ਲੋਕਾਂ ਅੱਗੇ ਰਵਾਇਤੀ ਪਾਰਟੀਆਂ ਦੇ ਵਿਰੋਧ ਵਿੱਚ ਮਜ਼ਬੂਤੀ ਨਾਲ ਤੀਜਾ ਬਦਲ ਪੇਸ਼ ਕਰ ਚੁੱਕੀ ਆਮ ਆਦਮੀ ਪਾਰਟੀ ਦੀ ਬਿਨਾਂ ਸ਼ਰਤ ਹਮਾਇਤ ਕਰਨੀ ਚਾਹੀਦੀ ਹੈ। ਬਰਾੜ ਸੋਮਵਾਰ (12 ਸਤੰਬਰ) ਦੁਪਹਿਰੇ ਮੁਹਾਲੀ ਦੇ ਸੈਕਟਰ-69 ’ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਚੌਥੇ ਫ਼ਰੰਟ ਨੂੰ ਕਾਇਮ ਕਰਨ ਵਾਲੇ ਆਗੂ ਨਵਜੋਤ ਸਿੱਧੂ, ਡਾ. ਨਵਜੋਤ ਕੌਰ ਸਿੱਧੂ, ਵਿਧਾਇਕ ਪ੍ਰਗਟ ਸਿੰਘ ਆਦਿ ਨਾਲ ਉਨ੍ਹਾਂ ਦੇ ਵਧੀਆ ਸਬੰਧ ਰਹੇ ਹਨ ਤੇ ਉਹ ਸਾਰਿਆਂ ਨੂੰ ਆਪਣੇ ਵੱਲੋਂ ਇਹ ਸਲਾਹ ਦੇਣਾ ਚਾਹੁੰਦੇ ਹਨ ਕਿ ਰਵਾਇਤੀ ਪਾਰਟੀਆਂ ਤੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਦਾ ਇਹ ਢੁੱਕਵਾਂ ਮੌਕਾ ਹੈ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਕੱਲ ਬਾਘਾ ਪੁਰਾਣਾ ਵਿੱਚ ਜਾਰੀ ਕੀਤੇ ਗਏ ਕਿਸਾਨ ਮੈਨੀਫ਼ੈਸਟੋ ਨੂੰ ਇਤਿਹਾਸਿਕ ਦਸਤਾਵੇਜ਼ ਦੱਸਿਆ। ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਇੱਥੇ ਤੱਕ ਪਹੁੰਚਾਣ ਲਈ ਦੋਵੇਂ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਉਨ੍ਹਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਬਹੁਤ ਕੁਝ ਕਹਿ ਸਕਦੇ ਹਨ ਪਰ ਇਸ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਮਾਝੇ ਤੇ ਦੁਆਬੇ ਵਿੱਚ ਹੋਰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਬਿਨਾਂ ਸ਼ਰਤ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਦੀ ਗੱਲ ਆਖੀ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਲੀਡਰਸ਼ਿਪ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣ ਲੜਾਈ ਤਾਂ ਉਹ ਝਾੜੂ ਦੇ ਨਿਸ਼ਾਨ ’ਤੇ ਹੀ ਚੋਣ ਲੜਨਗੇ।
Related Topics: Aam Aadmi Party, Awaaz-e-Punjab Party, Fourth Front Punjab, Jagmeet Singh Brar, Punjab Polls 2017