June 23, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ( 22 ਜੂਨ, 2015): ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ, ਉਹ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਿਜ਼ੋਫਰੇਨੀਆ (ਡਿਪਰੈਸ਼ਨ) ਨਾਂ ਦੀ ਬਿਮਾਰੀ ਦਾ ਇਲਾਜ਼ ਚੱਲ ਰਿਹਾ ਹੈ।
ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਵਿਖੇ ਤਬਦੀਲ ਕੀਤੇ ਗਏ ਦਵਿੰਦਰਪਾਲ ਸਿੰਘ ਭੁੱਲਰ ਨੂੰ ਘਰ ਦਾ ਬਣਿਆ ਭੋਜਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਭ ਸੰਭਾਲ ਵਾਲਾ ਮਾਹੌਲ ਮਿਲਣ ਨਾਲ ਉਸਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਪਰ ਉਸਦੀ ਪੈਰੋਲ ’ਤੇ ਰਿਹਾਈ ਹੋਣ ਨੂੰ ਕੁਝ ਹੋਰ ਸਮਾਂ ਲੱਗਣ ਦੀ ਸੰਭਾਵਨਾ ਹੈ।
ਦਵਿੰਦਰ ਪਾਲ ਸਿੰਘ ਭੁੱਲਰ ਇਸ ਵੇਲੇ ਸਿਜ਼ੋਫਰੇਨੀਆ (ਡਿਪਰੈਸ਼ਨ) ਨਾਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਦੇ ਮਨੋਵਿਗਿਆਨ ਮਾਹਿਰਾਂ ਵੱਲੋਂ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਨਸ਼ਾ ਛੁਡਾੳ ਕੇਂਦਰ ਦੇ ਮਨੋਰੋਗੀ ਵਾਰਡ ਦੇ ਮੁਖੀ ਡਾ. ਪੀ.ਡੀ. ਗਰਗ ਨੇ ਦੱਸਿਆ ਕਿ ਉਸਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ ਪਰ ਉਸਦੀ ਸਿਹਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਜੇਲ੍ਹ ਸੁਪਰਡੈਂਟ ਆਰ.ਕੇ. ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਭੁੱਲਰ ਨੂੰ ਘਰੇਲੂ ਮਾਹੌਲ ਮੁਹੱਈਆ ਕੀਤਾ ਜਾਵੇ, ਜਿਸ ਨਾਲ ਉਸਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਜੇਲ੍ਹ ਵਿਭਾਗ ਵੱਲੋਂ ਹਸਪਤਾਲ ਪ੍ਰਬੰਧਕਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਹਿਤ ਉਸ ਨੂੰ ਘਰ ਦਾ ਬਣਿਆ ਭੋਜਨ ਮੁਹੱਈਆ ਕਰਾਇਆ ਜਾ ਰਿਹਾ ਹੈ ਅਤੇ ਉਸ ਦੀ ਪਤਨੀ ਨਵਨੀਤ ਕੌਰ ਨੂੰ ਦਿਨ ਵਿੱਚ ਪੰਜ ਘੰਟੇ ਮਿਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਦੂਸਰੇ ਪਾਸੇ ਬੀਬੀ ਨਵਨੀਤ ਕੌਰ ਨੇ ਸ਼ਿਕਾਇਤ ਕੀਤੀ ਕਿ ਭਾਵੇਂ ਉਸ ਨੂੰ ਆਪਣੇ ਪਤੀ ਨੂੰ ਖੁੱਲ੍ਹੇ ਸਮੇਂ ਲਈ ਮਿਲਣ ਦੀ ਆਗਿਆ ਹੈ ਪਰ ਮੁਲਾਕਾਤ ਦੌਰਾਨ ਕੋਈ ਨਿੱਜੀ ਗੱਲ ਕਰਨ ਦੀ ਆਗਿਆ ਨਹੀਂ ਹੈ ਜਦਕਿ ਤਿਹਾੜ ਜੇਲ੍ਹ ਵਿੱਚ ਅਜਿਹੀ ਕੋਈ ਰੋਕ ਨਹੀਂ ਸੀ। ਉਸ ਨੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਕੁਝ ਸਮੇਂ ਲਈ ਉਸਨੂੰ ਆਪਣੇ ਪਤੀ ਨਾਲ ਇਕੱਲਿਆਂ ਮਿਲਣ ਦਾ ਸਮਾਂ ਦਿੱਤਾ ਜਾਵੇ ।
Related Topics: Prof. Devinder Pal Singh Bhullar