October 31, 2015 | By ਸਿੱਖ ਸਿਆਸਤ ਬਿਊਰੋ
ਫਰੈਕਫੋਰਟ (30 ਅਕਤੂਬਰ, 2015): ਅਜ਼ਾਦੀ ਪਸੰਦ ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ 31 ਅਕਤੂਬਰ ਨੂੰ ਭਾਰਤੀ ਕੌਾਸਲਖਾਨੇ ਸਾਹਮਣੇ ਫਰੈਂਕਫਰਟ ‘ਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਸਾਂਝੇ ਤੌਰ ‘ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਕਸ਼ਮੀਰ ਕੌਂਸਲ ਜਰਮਨੀ ਦੇ ਮੁਖੀ ਅਕਰਮ ਅਲੀ, ਖਾਲਿਦ ਅਲੀ ਤੇ ਸਿੱਖ ਆਗੂ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਹਿੰਦੁਸਤਾਨ ਅੰਦਰ ਸਿੱਖਾਂ, ਮੁਸਲਮਾਨਾਂ, ਦਲਿਤਾਂ ਤੇ ਘਟਗਿਣਤੀਆਂ ਦੀ ਹੋ ਰਹੀ ਨਸਲਕੁਸ਼ੀ ਖਿਲਾਫ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ 31 ਅਕਤੂਬਰ ਨੂੰ ਹੋ ਰਹੇ ਰੋਹ ਮੁਜ਼ਾਹਰੇ ਵਿੱਚ ਸਮੂਹ ਇਨਸਾਫ ਪਸੰਦ ਲੋਕ ਵੱਧ ਤੋਂ ਵੱਧ ਸ਼ਾਮਲ ਹੋਣ ।
ਕਿਉਕਿ 1947 ਵਿੱਚ ਅਖੌਤੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਹਿੰਦੁਸਤਾਨ ਅੰਦਰ ਵਸਦੀਆਂ ਘਟ ਗਿਣਤੀਆਂ ਦੀ ਨਸਲਕੁਸ਼ੀ ਕਰਨ ਦੀ ਮੁਹਿੰਮ ਅਰੰਭੀ ਹੋਈ ਹੈ ਜੋ ਕਿ ਨਿਰੰਤਰ ਤੇ ਬੇ ਰੋਕ ਟੋਕ ਜਾਰੀ ਹੈ ।
ਸਿੱਖ ਕੌਮ ਨਾਲ ਵੀ 1947 ਤੋਂ ਪਹਿਲਾਂ ਕੀਤੇ ਵਾਅਦਿਆ ਤੋਂ ਮੁੱਕਰ ਕੇ ਹਿੰਦ ਸਰਕਾਰ ਨੇ ਸਿੱਖ ਕੌਮ ਨੂੰ ਵੀ ਆਪਣੇ ਗੁਲਾਮ ਬਨਾਉਣ ਲਈ ਹਰ ਹੀਲਾ ਵਰਤਿਆ ਹੋਇਆ ਹੈ । ਸਿੱਖਾਂ ਦੀਆਂ ਹੱਕੀ ਮੰਗਾਂ ਅੱਜ ਤੱਕ ਨਹੀਂ ਮੰਗੀਆਂ ਗਈਆਂ ਸਗੋਂ ਸਿੱਖ ਕੌਮ ਦੇ ਪਵਿੱਤਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਿੰਦੁਸਤਾਨੀ ਫੌਜਾਂ ਵੱਲੋਂ ਹੱਲਾ ਬੋਲਿਆ ਗਿਆ । ਅੱਜ ਤੱਕ ਵੀ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲ ਸਕਿਆ ।
ਪਿਛਲੇ ਕੁਝ ਦਿਨਾਂ ਵੀ ਬੜੀ ਸਾਜ਼ਿਸ਼ ਤਹਿਤ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਮੰਗ ਕਰਨ ਤੇ ਦੋਸ਼ੀ ਵੀ ਨਾ ਫੜੇ ਗਏ ਤੇ ਜੇ ਫਿਰ ਦੋਸ਼ੀਅ ਨੂੰ ਗ੍ਰਿਫਤਾਰ ਕਰਨ ਲਈ ਸਿੱਖਾਂ ਨੇ ਧਰਨਾ ਲਾਇਆ ਤਾਂ ਉਹਨਾਂ ਉੱਤੇ ਹੀ ਗੋਲੀਆਂ ਚਲਾਈਆਂ ਗਈਆਂ ਤੇ ਦੋ ਸਿੰਘ ਸ਼ਹੀਦ ਕੀਤੇ ਗਏ ਤੇ ਅੱਜ ਤੱਕ ਵੀ ਸਿੱਖ ਨੌਜਵਾਨਾਂ ਨੂੰ ਦੋਸ਼ੀ ਗਰਦਾਨ ਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ ।
ਜਿੱਥੇ ਹਿੰਦੁਸਤਾਨ ਅੰਦਰ ਇਹ ਹਾਲ ਕਸ਼ਮੀਰੀ ਤੇ ਸਿੱਖ ਕੌਮ ਦਾ ਹੈ ਉੱਥੇ ਮੁਸਲਮਾਨ, ਦਲਿਤ, ਕ੍ਰਿਸਚੀਅਨ ਤੇ ਹੋਰ ਘਟ ਗਿਣਤੀਆਂ ਵੀ ਹਿੰਦ ਸਰਕਾਰ ਦੀ ਮਾਰ ਥੱਲੇ ਹਨ । ਹਿੰਦੁਸਤਾਨ ਸਰਕਾਰ ਦੇ ਘੱਟਗਿਣਤੀਆਂ ਖਿਲਾਫ ਇਸ ਘਿਨਾਉਣੇ ਚਿਹਰੇ ਨੂੰ ਨੰਗਾ ਕਰਨ ਲਈ ਜਰਮਨ ਅੰਦਰ ਵਸਦੇ ਸਿੱਖ ਅਤੇ ਕਸ਼ਮੀਰੀ ਮਿਲ ਕੇ 31 ਅਕਤੂਬਰ ਦਿਨ ਸ਼ਨੀਵਾਰ ਨੂੰ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜਾਹਰਾ ਕਰ ਰਹੇ ਹਨ ।
ਜਿਸ ਨਾਲ ਇੱਕ ਪਾਸੇ ਤਾਂ ਹਿੰਦੁਸਤਾਨ ਸਰਕਾਰ ਦੇ ਘਟਗਿਣਤੀ ਵਿਰੋਧੀ ਚਿਹਰੇ ਨੂੰ ਜਰਮਨ ਦੇ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ ਉੱਥੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਦੱਸਿਆ ਜਾਵੇਗਾ ਕਿ ਜਦੋਂ ਤੱਕ ਸਿੱਖ ਆਪਣਾ ਹੱਕ ਖਾਲਿਸਤਾਨ ਤੇ ਕਸ਼ਮੀਰੀ ਆਪਣਾ ਦੇਸ਼ ਕਸ਼ਮੀਰ ਅਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਹਰ ਪ੍ਰਕਾਰ ਦੀ ਜਦੋਜਹਿਦ ਜਾਰੀ ਰਹੇਗੀ ।
31 ਅਕਤੂਬਰ ਨੂੰ 1 ਵਜੇ ਫਰੈਂਕਫਰਟ ਹਾਪਟਬਾਹਨਹੋਫ ਤੋਂ ਇਕੱਠੇ ਹੋ ਕੇ ਭਾਰਤੀ ਕੌਂਸਲੇਟ ਵੱਲ ਜਾਇਆ ਜਾਵੇਗਾ ਇਸ ਮੌਕੇ ਅਜ਼ਾਦ ਕਸ਼ਮੀਰ ਦੇ ਸੀਨੀਅਰ ਮਨਿਸਟਰ ਚੌਧਰੀ ਮੁਹੰਮਦ ਯਾਸੀਨ ਤੇ ਟੂਰਿਜ਼ਮ ਮਿਨਿਸਟਰ ਅਬਦਲ ਸਲਾਮ ਬਟ ਖਾਸ ਤੌਰ ਤੇ ਸ਼ਿਰਕਤ ਕਰਨਗੇ । ਇਸ ਲਈ ਸਮੂਹ ਅਜ਼ਾਦੀ ਪਸੰਦ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਇਸ ਮੁਜ਼ਾਹਰੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਤੇ ਹਿੰਦ ਸਰਕਾਰ ਨੂੰ ਦਰਸਾ ਦੇਣ ਕਿ ਹਿੰਦੁਸਤਾਨ ਅੰਦਰ ਵਸਦੀਆਂ ਘਟਗਿਣਤੀਆਂ ਉਹਨਾਂ ਦੇ ਜ਼ੁਲਮਾਂ ਨੂੰ ਸਹਿਣ ਨਹੀਂ ਕਰਨਗੀਆਂ ।
Related Topics: All News Related to Kashmir, India, Khalistan, Minorities in India, Sikhs, Sikhs in Germany