February 25, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਸਿਰਸਾ ਵਾਲੇ ਪਾਖੰਡੀ ਨੂੰ ਮੁਆਫ ਕਰਨਾ, ਮੁਆਫੀ ਨੂੰ ਦਰੁਸਤ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੋੜਾਂ ਰੁਪਏ ਦੀ ਅਖਬਾਰੀ ਇਸ਼ਤਿਹਾਰਬਾਜ਼ੀ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜਾ ਹੰਢਾਅ ਰਹੀ ਕੌਮ ਨੂੰ ਮੌਤ ਦੇ ਘਾਟ ਉਤਾਰਨਾ, ਤਸ਼ੱਦਦ ਕਰਨਾ, ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਵਲੋਂ ਸਿਰਸਾ ਡੇਰੇ ਦੀ ਸ਼ਰੇਆਮ ਹਮਾਇਤ ਹਾਸਲ ਕਰਨੀ, ਬਾਦਲ ਦਲ ਦੀ ਕੋਰ ਕਮੇਟੀ ਵਲੋਂ ਹਮਾਇਤ ਨੂੰ ਜਨਤਕ ਤੌਰ ’ਤੇ ਜਾਇਜ਼ ਠਹਿਰਾਉਣਾ ਅਤੇ ਬਾਦਲ ਦੀ ਭਾਈਵਾਲ ਪਾਰਟੀ ਵਲੋਂ ਚੈਨਲਾਂ ’ਤੇ ਸਿਰਸਾ ਡੇਰੇ ਦੀ ਹਮਾਇਤ ਦੀ ਪ੍ਰੋੜ੍ਹਤਾ ਕਰਨਾ ਇਤਿਆਦਿਕ ਅਨੇਕਾਂ ਪੰਥ ਵਿਰੋਧੀ ਮਾਮਲਿਆਂ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦਾ ਸਾਥ ਦੇਣ ਦੀ ਥਾਂ ਬਾਦਲਕਿਆਂ ਨੂੰ ਖੁਸ਼ ਕੀਤਾ।
ਜਿਸ ਦਾ ਮਤਲਬ ਘੱਟ-ਗਿਣਤੀ ਸਿੱਖ ਕੌਮ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਜੁਟੀ ਧਿਰ ਦੇ ਮਨਸੂਬਿਆਂ ਨੂੰ ਲਾਗੂ ਕਰਨਾ ਹੈ। ਏਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕ ਸੰਪਰਦਾ ਦੇ ਵਿਅਕਤੀ ਨੂੰ ਸਤਿਗੁਰੂ ਕਹਿਣ ਲਈ ਦਿੱਲੀ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਕੌਮ ਦੇ ਦੋਸ਼ੀ ਹਨ।
ਨਰਿੰਦਰ ਮੋਦੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਤੁਲ ਬਹਾਦਰ ਕਹਿਣ ਲਈ ਦੋਸ਼ੀ ਬਾਦਲ ਅਤੇ ਦਿੱਲੀ ਕਮੇਟੀ ਕੌਮ ਦੇ ਕਟਹਿਰੇ ਵਿਚ ਖੜ੍ਹੇ ਹਨ। ਇਸ ਕਮੇਟੀ ਨੇ ਕੌਮ ਵਿਰੋਧੀ ਕਾਲੀਆਂ ਕਰਤੂਤਾਂ’ ਤੇ ਨਾ ਕਦੇ ਪਛਤਾਵਾ ਕੀਤਾ ਅਤੇ ਨਾ ਹੀ ਕਦੇ ਮੁਆਫੀ ਮੰਗੀ। ਆਰਥਿਕ ਵਿਕਾਸ ਅਤੇ ਇਮਾਰਤਾਂ ਦੇ ਵਿਕਾਸ ਤਾਂ ਹੀ ਕੋਈ ਅਰਥ ਰੱਖਦੇ ਹਨ ਜੇਕਰ ਸ਼ਬਦ ਗੁਰੂ ਦਾ ਸਤਿਕਾਰ, ਖਾਲਸਈ ਸਿਧਾਂਤ, ਸਰੂਪ ਤੇ ਮਰਯਾਦਾ ਦੇ ਬੋਲਬਾਲੇ ਰਹਿੰਦੇ ਹਨ। ਪਰ ਇਸ ਕਮੇਟੀ ਵਲੋਂ ਕੌਮ ਦੇ ਅਮੋਲਕ ਸਿਧਾਂਤਾਂ ਨਾਲ ਖਿਲਵਾੜ ਕੀਤਾ ਗਿਆ ਹੈ। ਜਿਸ ਲਈ ਪ੍ਰਬੰਧ ਕੌਮੀ ਪਹਿਰੇਦਾਰਾਂ ਦੇ ਹੱਥ ਵਿਚ ਜਾਣਾ ਜ਼ਰੂਰੀ ਹੈ।
ਇਸ ਵਾਰ ਵੋਟਰ ਦਾ ਫਰਜ਼ ਬਣਦਾ ਹੈ ਕਿ ਉਹ ਕੇਵਲ ਚੰਗੇ ਉਮੀਦਵਾਰ ਜਾਂ ਨਿੱਜੀ ਨੇੜ੍ਹਤਾ ਰੱਖਣ ਵਾਲੇ ਉਮੀਦਵਾਰ ਨੂੰ ਵੋਟ ਦੇ ਕੇ ਬਾਦਲਕਿਆਂ ਨੂੰ ਅਸਿੱਧੇ ਰੂਪ ਵਿਚ ਫਾਇਦਾ ਨਾ ਪਹੁੰਚਾਵੇ। ਸਗੋਂ ਇਹਨਾਂ ਨੂੰ ਹਰਾਉਣ ਵਾਲੀ ਧਿਰ ਦਾ ਸਾਥ ਦੇਵੇ। ਪੰਥ ਦਰਦੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਵਲੋਂ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਅਪੀਲ ਕੀਤੀ ਕਿ ਇਹ ਮੌਕਾ ਧੜ੍ਹਿਆਂ ਨੂੰ ਬਚਾਉਣ ਦਾ ਨਹੀਂ ਬਲਕਿ ਧਰਮ ਦੀ ਆਨ ਸ਼ਾਨ ਨੂੰ ਬਚਾਉਣ ਦਾ ਹੈ।
Related Topics: Badal Dal, Corruption in Gurdwara Management, DSGMC, DSGMC elections 2017, Giani Kewal Singh, Panthak Taalmel Sangathan, ਦਿੱਲੀ ਕਮੇਟੀ ਚੋਣਾਂ 2017