December 23, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਨਾਭਾ ਜੇਲ੍ਹ ਤੋਂ ਫਰਾਰ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਸਮੇਤ ਇਸ ਫਰਾਰੀ ਕਾਂਡ ਦੀ ਆੜ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ‘ਤੇ ਪਲਿਸ ਵਲੋਂ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੁਲਿਸ ਦੇ ਇਸ ਅਣਮਨੁੱਖੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਵਲੋਂ ਜਾਰੀ ਪੈੱਸ ਬਿਆਨ ਵਿੱਚ ਪੁਲਿਸ ਵਲੋਂ ਸਿੱਖਾਂ ‘ਤੇ ਪੁੱਛਗਿੱਛ ਦੇ ਬਹਾਨੇ ਤਸ਼ੱਦਦ ਢਾਹੁਣ ਦੀ ਕਾਰਵਾਈ ਦੇ ਮੱਦੇ ਨਜ਼ਰ ਪੰਜਾਬ ‘ਤੇ ਹਕੂਮਤ ਕਰ ਰਹੀ ਬਾਦਲ ਸਰਕਾਰ ਦੀ ਤੁਲਨਾ ਕਾਂਗਰਸੀ ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮੀ ਰਾਜ ਨਾਲ ਕੀਤੀ ਗਈ ਹੈ।
ਖਾੜਕੂਵਾਦ ਦੀ ਚੜ੍ਹਤ ਸਮੇਂ ਪੁਲਿਸ ਵਲੋਂ ਕਈ ਵਾਰ ਐਲਾਨ ਕੀਤਾ ਗਿਆ ਸੀ ਕਿ ਪੁਲਿਸ ਫਲਾਣੇ ਖਾੜਕੂ ਦੇ ਨੇੜੇ ਪੁੱਜ ਚੁੱਕੀ ਹੈ ਜਦਕਿ ਉਕਤ ਖਾੜਕੂ ਐਲਾਨ ਕਰਨ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਹੋਇਆ ਹੁੰਦਾ ਸੀ। ਦੂਜੇ ਪਾਸੇ ਉਸ ਨੂੰ ਫੜਨ ਲਈ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਸਨ ਅਤੇ ਪੁਲਿਸ ਦੇ ਇਹਨਾਂ ਆਪਣੇ ਬਿਆਨਾਂ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਉਕਤ ਖਾੜਕੂ ਨੂੰ ਝੂਠੇ ਪੁਲਿਸ ਮਕਾਬਲੇ ਵਿੱਚ ਸ਼ਹੀਦ ਹੋਇਆ ਦਿਖਾ ਦਿੱਤਾ ਜਾਂਦਾ ਸੀ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸ਼ੱਕ ਪ੍ਰਗਟ ਕੀਤਾ ਗਿਆ ਕਿ ਨਾਭਾ ਜੇਲ੍ਹ ਤੋਂ ਫਰਾਰ ਹੋਏ ਕੁੱਝ ਵਿਆਕਤੀ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਹਨ ਅਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਬਣਾ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਬਿਆਨਾਂ ਨੂੰ ਸਹੀ ਸਾਬਤ ਕਰਨ ਦਾ ਯਤਨ ਕੀਤਾ ਜਾਵੇਗਾ, ਜਿਵੇਂ ਉਸ ਨੇ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਜਲਦੀ ਫੜ ਲਵਾਂਗੇ ਭੱਜਣ ਨਹੀਂ ਦਿਆਂਗੇ।
ਅੱਜ ਭਾਵੇਂ ਸਮਾਂ ਬਦਲ ਗਿਆ ਹੈ ਪਰ ਸਿੱਖਾਂ ਉਪੱਰ ਜ਼ੁਲਮ ਕਰਨ ਦੀ ਸਰਕਾਰੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ। ਇਹੀ ਕਾਰਨ ਹੈ ਕਾਫੀ ਸਿੱਖ ਪਰਿਵਾਰ ਪੁਲਿਸ ਦੇ ਵਤੀਰੇ ਅਤੇ ਤਸ਼ੱਦਦ ਭਰੀ ਨੀਤੀ ਦਾ ਸਿ਼ਕਾਰ ਹੋ ਚੁੱਕੇ ਹਨ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਿੱਖ ਕੌਮ ‘ਤੇ ਹੋ ਰਹੇ ਸਰਕਾਰੀ ਜ਼ੁਲਮਾਂ ਖਿਲਾਫ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਬ੍ਰੇਕ ਕੇਸ: ਹਰਮਿੰਦਰ ਸਿੰਘ ਮਿੰਟੂ ਦਾ ਪੁਲਿਸ ਰਿਮਾਂਡ 26 ਦਸੰਬਰ ਤਕ ਵਧਿਆ …
Related Topics: Harminder Singh Mintoo, Khalistan freedom struggle, Khalistan Movement, Loveshinder Singh Dallewal, Nabha Jail Break Case, Sikh Freedom Movement, Sikh Freedom Struggle, Sikhs In UK, United Khalsa Dal U.K