ਸਿੱਖ ਖਬਰਾਂ

ਸਿੱਖ ਪ੍ਰਚਾਰਕਾਂ ਨੂੰ ਪੁਲਿਸ ਨੇ ਚੰਡੀਗੜ੍ਹ-ਪੰਜਾਬ ਸਰਹੱਦ ‘ਤੇ ਰੋਕਿਆ, ਢੀਂਡਸਾ ਅਤੇ ਚੰਦੂਮਾਜਰਾ ਨੇ ਪ੍ਰਚਾਰਕਾਂ ਦੀਆਂ ਮੰਗਾ ਸੁਣੀਆਂ

October 30, 2015 | By

ਚੰਡੀਗੜ੍ਹ (30 ਅਕਤੂਬਰ, 2015): ਜਿਲੇ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ, ਬੇਅਦਬੀ ਦੀ ਘਟਨਾ ਵਿੱਚ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਰੋਸ ਵਜੋਂ ਅੱਜ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਅਤੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਵੱਲ ਪੰਜ ਸੌ ਦੇ ਕਰੀਬ ਮਾਰਚ ਕਰ ਰਹੇ ਪ੍ਰਚਾਰਕਾਂ ਨੂੰ ਪੁਲਿਸ ਪੰਜਾਬ-ਚੰਡੀਗੜ੍ਹ ਹੱਦ ‘ਤੇ ਰੋਕ ਲਿਆ।

ਇਹ ਜੱਥਾ ਗੁਰਦੁਆਰਾ ਅੰਬ ਸਾਹਿਬ ਤੋਂ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਰਵਾਨਾ ਹੋਇਆ ਸੀ। ਪੁਲਿਸ ਵੱਲੋਂ ਹੱਦ ‘ਤੇ ਰੋਕਣ ਤੋਂ ਬਾਅਦ ਪ੍ਰਚਾਰਕਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ। ਪੰਜਾਬ ਸਰਕਾਰ ਵੱਲੋਂ ਬਾਦਲ ਦਲ ਦੇ ਪ੍ਰਮੁੱਖ ਆਗੂਆਂ ਪਰਮਿੰਦਰ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸਿੱਖ ਪ੍ਰਚਾਰਕਾਂ ਨਾਲ ਧਰਨੇ ਵਾਲੀ ਜਗਾ ‘ਤੇ ਮੀਟਿੰਗ ਕੀਤੀ। ਇਸ ਸਮੇਂ ਉਨ੍ਹਾਂ ਨਾਲ ਐੱਸਐੱਸਪੀ ਮੋਹਾਲੀ, ਐੱਸਐੱਸਪੀ ਚੰਡੀਗੜ੍ਹ ਅਤੇ ਸਰਕਾਰ ਦੇ ਹੋਰ ਸਿਵਲ ਅਧਿਕਾਰੀ ਵੀ ਪਹੁੰਚੇ ਹੋਏ ਸਨ।

Chandigarh-dharna-e1446202737459
ਸਿੱਖ ਸਿਆਸਤ ਨਿਊਜ਼ ਦੇ ਮੌਕੇ ‘ਤੇ ਹਾਜ਼ਰ ਪ੍ਰਤੀਨਿਧਾਂ ਨੇ ਦੱਸਿਆ ਕਿ ਸਿੱਖ ਪ੍ਰਚਾਰਕਾਂ ਨੇ ਸਰਕਾਰ ਸਾਹਮਣੇ ਤਿੰਨ ਮੰਗਾਂ ਰੱਖੀਆ।

ਪ੍ਰਚਾਰਕਾਂ ਨੇ ਰੱਖੀਆਂ ਮੰਗਾਂ ਵਿੱਚ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਚੱਲ ਰਹੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਖਿਲਾਫ ਕੇਸ ਵਾਪਸ ਲ਼ਿਆ ਜਾਵੇ ਅਤੇ ਸਿੱਖ ਸੰਗਤ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਇਨਾਂ ਤਿੰਨਾਂ ਮੰਗਾਂ ਦੇ ਜਵਾਬ ਵਿੱਚ ਸਰਕਾਰੀ ਧਿਰ ਦੇ ਨੁਮਾਂਇਦਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮਾਮਲੇ ਵਿੱਚ ਵਿਸ਼ੇਸ ਜਾਂਚ ਟੀਮ ਬਣਾ ਦਿੱਤੀ ਗਈ ਹੈ। ਉਸ ਵਿੱਚ ਸਿੱਖ ਜੱਥੇਬੰਦੀਆਂ ਵੀ ਆਪਣੇ ਪ੍ਰਤਨਿਧ ਸ਼ਾਮਲ ਕਰ ਦੇਣ ਅਤੇ ਵਿਸ਼ੇਸ਼ ਜਾਂਚ ਟੀਮ ਦਾ ਸਹਿਯੋਗ ਦੇਣ।ਇਸ ਨਾਲ ਜਾਂਚ ਦੀ ਚੱਲ ਰਹੀ ਕਾਰਵਾਈ ਦਾ ਪਤਾ ਵੀ ਸਿੱਖ ਜੱਥੇਬੰਦੀਆਂ ਨੂੰ ਲੱਗਦਾ ਰਹੇਗਾ।

ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਖਿਲਾਫ ਕੇਸ ਵਾਪਸ ਲੈਣ ਦੀ ਮੰਗ ਬਾਰੇ ਗੱਲ ਕਰਦਿਆਂ ਸਰਕਾਰ ਦੇ ਬੰਦਿਆਂ ਨੇ ਕਿਹਾ ਕਿ ਇਹ ਕੇਸ ਅਦਲਾਤ ਵਿੱਚ ਜਾ ਚੁੱਕਾ ਹੈ। ਇਸ ਲਈ ਸਰਕਾਰ ਹੁਣ ਇਸ ਵਿੱਚ ਕੁਝ ਨਹੀਂ ਕਰ ਸਕਦੀ।

ਪੁਲਿਸ ਵੱਲੋਂ ਗੋਲੀਬਾਰੀ ਕਰਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਮੰਗ ਬਾਰੇ ਸਰਕਾਰੀ ਧਿਰ ਨੇ ਕਿਹਾ ਕਿ ਮੋਗਾ ਦੇ ਬਰਤਰਫ ਐੱਸਐੱਸਪੀ ਚਰਨਜੀਤ ਸ਼ਰਮਾਂ ਖਿਲਾਫ ਉਸਦੇ ਨਾਮ ‘ਤੇ ਪਰਚਾ ਦਰਜ਼ ਹੋ ਚੁੱਕਿਆ ਹੈ। ਪਰ ਪ੍ਰਚਾਰਕਾਂ ਵੱਲੋਂ ਦਰਜ਼ ਪਰਚੇ ਦੀ ਨਕਲ ਦਿਖਾੳਣ ਬਾਰੇ ਕਹਿਣ ‘ਤੇ ਸਰਕਾਰੀ ਧਿਰ ਨਕਲ ਨਹੀਂ ਦਿਖਾ ਸਕੀ।

ਸਰਕਾਰੀ ਧਿਰ ਨਾਲ ਮੀਟਿੰਗ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਧਰਨੇ ‘ਤੇ ਇਕੱਤਰ ਪ੍ਰਚਾਰਕਾਂ ਅਤੇ ਮੀਡੀਆ ਸਾਹਮਣੇ ਕਿਹਾ ਕਿ ਸਰਕਾਰੀ ਧਿਰ ਲਾਰਿਆ, ਬਹਾਨਿਆਂ ਤੋਂ ਬਿਨ੍ਹਾਂ ਕੁਝ ਪੱਲੇ ਨਹੀਂ ਪਾ ਰਹੀ। ਖ਼ਬਰ ਲਿਖੇ ਜਾਣ ਵੱਲੇ ਸਿੱਖ ਪ੍ਰਚਾਰਕਾਂ ਦੇ ਪੰਜ ਆਗੂਆਂ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ, ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਦਲੇਰ ਸਿੰਘ ਖੇੜੀ ਵਾਲੇ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ਼ਿਆਂ ਨੇ ਕਿਹਾ ਕਿ ਜੇ ਕਰ ਇੱਕ ਘੰਟੇ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਪਣੇ ਖੂਨ ਦਾ ਪਿਆਲ ਭਰ ਕੇ ਬਾਦਲ ਨੂੰ ਭੇਜਾਂਗੇ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਬਾਦਲ ਦੀ ਕੋਠੀ ਦਾ ਘੇਰਾਓੁ ਕੀਤਾ ਜਾਦਾਂ ਤਾਂ ਵੀ ਪੁਲਿਸ ਨੇ ਡਾਂਗਾਂ ਨਾਲ ਉਨ੍ਹਾਂ ਦਾ ਖੂਨ ਵਹਾਉਣਾ ਸੀ। ਇਸ ਲਈ ਪੰਜ ਗਰਾਂਈ ਸ਼ਹੀਦੀ ਸਮਾਗਮ ਮੌਕੇ ਕੀਤੇ ਮਤੇ ਮੁਤਾਬਕਿ ਉਹ ਆਪਣੇ ਖੂਨ ਦਾ ਪਿਆਲਾ ਬਾਦਲ ਨੂੰ ਭੇਜਣ ਗੇ।

ਬਰਗਾੜੀ ਬੇਅਦਬੀ ਕੇਸ ਵਿੱਚ ਸਰਕਾਰੀ ਧਿਰ ਵੱਲੋਂ ਇਹ ਕਹਿਣਾ ਕਿ ਕੇਸ ਹੁਣ ਅਦਾਲਤ ਵਿੱਚ ਜਾ ਚੁੱਕਾ ਹੈ ਅਤੇ ਸਰਕਾਰ ਹੁਣ ਇਸ ਵਿੱਚ ਕੂਝ ਨਹੀਂ ਕਰ ਸਕਦੀ।ਇਸ ਸਬੰਧੀ ਸਿੱਖ ਸਿਆਸਤ ਨੇ ਸਿੱਖ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਲੁਧਿਆਣਾ ਦੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਮਾਮਲੇ ਵਿੱਚ ਕੇਸ ਅਦਾਲਤ ਵਿੱਚ ਹੋਣ ਕਰਕੇ ਕੁਝ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ। ਇਸ ਕੇਸ ਨਾਲ ਸਬੰਧਿਤ ਤਫਦੀਸ਼ੀ ਅਫਸਰ ਨੇ ਸਿਰਫ ਇਕ ਲਾਈਨ ਲਿਖਣੀ ਹੈ ਕਿ ਜਾਂਚ ਦੌਰਾਨ ਸਬੰਧਿਤ ਬੰਦਿਆਂ ਖਿਲਾਫ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲ਼ਿਆ, ਇਸ ਕਰਕੇ ਇਨ੍ਹਾਂ ਦੀ ਇਸ ਕੇਸ ਵਿੱਚ  ਕੋਈ ਲੋੜ ਨਹੀਂ।ਉਨਾਂ ਕਿਹਾ ਕਿ ਇਸ ਵਿੱਚ ਕਾਨੂੰਨ ਜਾਂ ਅਦਾਲਤ ਕੋਈ ਅੜਿੱਕਾ ਨਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,