June 24, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (23 ਜੂਨ, 2015): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਨਾਲ ਜੂਝ ਰਹੇ ਬਾਪੂ ਸੂਰਤ ਸਿੰਘ ਨੂੰ ਪੰਜਾਬ ਪੁਲਿਸ ਪੀਜੀਆਈ ਚੰਡੀਗੜ੍ਹ ਤੋਂ ਵਾਪਿਸ ਲੁਧਿਆਣਾ ਲੈ ਗਈ ਹੈ।
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਗੁਲੂਕੋਜ਼ ਅਤੇ ਹੋਰ ਤਰਲ ਸਮੱਗਰੀ ਲੈਣ ਤੋਂ ਇਨਕਾਰ ਕੀਤੇ ਜਾਣ ‘ਤੇ ਲੁਧਿਆਣਾ ਪੁਲਿਸ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਤੋਂ ਵਾਪਿਸ ਲੁਧਿਆਣੇ ਲੈ ਗਈ ।ਖਾਲਸਾ ਨੂੰ ਸ਼ਾਮ 8 ਵਜੇ ਐਸ.ਐਸ.ਪੀ. ਲੁਧਿਆਣਾ-ਪੇਂਡੂ (ਜਗਰਾਉਂ) ਰਵਚਰਨ ਸਿੰਘ ਬਰਾੜ ਅਤੇ ਡਾਕਟਰਾਂ ਦੀ ਅਗਵਾਈ ‘ਚ ਐਾਬੂਲੈਂਸ ਰਾਹੀਂ ਚੰਡੀਗੜ੍ਹੋਂ ਲੁਧਿਆਣਾ ਵੱਲ ਰਵਾਨਾ ਕਰ ਦਿੱਤਾ ਗਿਆ ।ਪੁਲਿਸ ਵੱਲੋਂ ਅਜਿਹਾ ਬੰਦੀ ਸਿੱਖ ਰਿਹਾਈ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਪੀ.ਜੀ.ਆਈ. ਐਮਰਜੰਸੀ ਬਾਹਰ ਬੈਠਕ ਤੋਂ ਬਾਅਦ ਕੀਤਾ ਗਿਆ ।
ਕਮੇਟੀ ਦੇ ਆਗੂ ਸ. ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਪੁਲਿਸ ਦਾ ਕਮੇਟੀ ਨੂੰ ਕਹਿਣਾ ਸੀ ਕਿ ਬਾਬਾ ਸੂਰਤ ਸਿੰਘ ਖਾਲਸਾ ਨੂੰ ਮੈਡੀਕਲ ਸਮੱਗਰੀ ਖਾਣ ਲਈ ਰਾਜ਼ੀ ਕੀਤਾ ਜਾਵੇ, ਪ੍ਰੰਤੂ ਬੈਠਕ ‘ਚ ਮੌਜੂਦ ਕਮੇਟੀ ਆਗੂ ਅਤੇ ਸਿੱਖ ਸੰਗਤ ਅਜਿਹਾ ਕਰਨ ਲਈ ਰਾਜ਼ੀ ਨਹੀਂ ਸੀ ।ਕਮੇਟੀ ਆਗੂਆਂ ਨੇ ਪੁਲਿਸ ਨੂੰ ਸਪੱਸ਼ਟ ਆਖ ਦਿੱਤਾ ਕਿ ਜਦ ਤੱਕ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਨਹੀਂ ਹੋ ਜਾਂਦੀ, ਉਦੋਂ ਤੱਕ ਖਾਲਸਾ ਦਾ ਮਰਨ ਵਰਤ ਜਾਰੀ ਰਹੇਗਾ ।
ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ, ਬਾਪੂ ਸੂਰਤ ਸਿੰਘ ਨੂੰ ਲੁਧਿਆਣੇ ਹਸਪਤਾਲ ਲਿਜਾ ਰਹੀ ਹੈ ਜਾਂ ਉਨ੍ਹਾਂ ਦੇ ਘਰ ਲਿਜਾ ਰਹੀ ਹੈ, ਇਸ ਬਾਰੇ ਪੁਲਿਸ ਅਤੇ ਡਾਕਟਰਾਂ ਨੇ ਕਮੇਟੀ ਅਤੇ ਸਿੱਖ ਸੰਗਤ ਨੂੰ ਕੁੱਝ ਵੀ ਸਪੱਸ਼ਟ ਨਹੀਂ ਕੀਤਾ ਹੈ ।ਇਸ ਬਾਰੇ ਪੀ.ਜੀ.ਆਈ. ਪ੍ਰਸ਼ਾਸਨ ਨਾਲ ਸੰਪਰਕ ਕੀਤੇ ਜਾਣ ‘ਤੇ ਇਕ ਡਾਕਟਰ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਕਿਹਾ ਗਿਆ ਸੀ ਕਿ ਜੇ ਸੂਰਤ ਸਿੰਘ ਨੇ ਗੁਲੂਕੋਜ਼ ਵੀ ਨਹੀਂ ਲੈਣਾ ਤਾਂ ਉਨ੍ਹਾਂ ਨੂੰ ਪੀ.ਜੀ.ਆਈ. ਰੱਖਣ ਦਾ ਕੋਈ ਫਾਇਦਾ ਨਹੀਂ ।
ਜਾਣਕਾਰਾਂ ਦਾ ਕਹਿਣਾ ਹੈ ਕਿ ਪੁਲਿਸ, ਸੂਰਤ ਸਿੰਘ ਖਾਲਸਾ ਨੂੰ ਜ਼ਬਰੀਂ ਫੀਡ ਦੇਣਾ ਚਾਹੁੰਦੀ ਸੀ, ਪ੍ਰੰਤੂ ਪੀ.ਜੀ.ਆਈ. ਦੇ ਡਾਕਟਰ ਅਜਿਹਾ ਕਰਨ ਲਈ ਰਾਜ਼ੀ ਨਹੀਂ ਸਨ ।ਇਸ ਮੌਕੇ ਬਾਬਾ ਮੋਹਕਮ ਸਿੰਘ, ਜੱਥੇਦਾਰ ਗੁਰਨਾਮ ਸਿੰਘ ਸਿੱਧੂ, ਪੰਥਕ ਵਿਚਾਰ ਮੰਚ ਦੇ ਬਲਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ ਙ
Related Topics: Bapu Surat Singh Khalsa, Sikh Political Prisoners