August 2, 2016 | By ਸਿੱਖ ਸਿਆਸਤ ਬਿਊਰੋ
ਫਗਵਾੜਾ: 22 ਜੁਲਾਈ ਨੂੰ ਸ਼ਿਵ ਸੈਨਾ ਵਲੋਂ ਫਗਵਾੜਾ ਸਥਿਤ ਮਸਜਿਦ ‘ਤੇ ਹਮਲਾ ਕਰਨ ਤੋਂ ਬਾਅਦ ਮੁਸਲਮਾਨਾਂ ਦੇ ਹੱਕ ਵਿਚ ਨਿੱਤਰੇ ਦਲਿਤਾਂ ਅਤੇ ਸਿੱਖਾਂ ਨੇ ਇਕ 11 ਮੈਂਬਰੀ ਸਾਂਝੀ ਕਮੇਟੀ ਬਣਾਈ ਸੀ। ਜਿਸਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲੇ ਸ਼ਿਵ ਸੈਨਿਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਸ਼ੁੱਕਰਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਨੇ ਮੰਗ ਕੀਤੀ ਕਿ ਜੇ 4 ਅਗਸਤ ਤਕ ਸ਼ਿਵ ਸੈਨਾ ਵਾਲਿਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਮੇਟੀ ਅਗਲਾ ਪ੍ਰੋਗਰਾਮ ਉਲੀਕੇਗੀ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼ਿਵ ਸੈਨਾ ਵਾਲਿਆਂ ਤੋਂ ਸੁਰੱਖਿਆ ਆਦਿ ਵਾਪਸ ਲੈਣਾ ਹੀ ਕਾਫੀ ਨਹੀਂ ਹੈ।
ਪੰਜਾਬ ਕਾਂਗਰਸ ਸਕੱਤਰ ਜਰਨੈਲ ਨੰਗਲ, ਜੋ ਕਿ ਕਮੇਟੀ ਮੈਂਬਰ ਵੀ ਹਨ, ਨੇ ਕਿਹਾ ਕਿ ਫਗਵਾੜਾ ਦੇ ਡੀ.ਐਸ.ਪੀ. ਕੇ.ਪੀ.ਐਸ. ਚਾਹਲ ਅਤੇ ਐਸ.ਪੀ. ਨੂੰ ਸ਼ਿਵ ਸੈਨਾ ਵਾਲਿਆਂ ਦੀ ਮੰਗ ‘ਤੇ ਉਥੋਂ ਬਦਲ ਦਿੱਤਾ ਗਿਆ। ਜੋ ਅਸਲ ਦੋਸ਼ੀ ਹਨ ਮਸਜਿਦ ‘ਤੇ ਹਮਲਾ ਕਰਨ ਦੇ ਉਹ ਸ਼ਰੇਆਮ ਫਗਵਾੜਾ ਵਿਖੇ ਘੁੰਮ ਰਹੇ ਹਨ। ਫਗਵਾੜਾ ਮਸਜਿਦ ਦੇ ਇਮਾਮ ਅਵੈਮ-ਉਰ-ਰਹਿਮਾਨ ਨੇ ਕਿਹਾ ਕਿ ਦੋਸ਼ੀ ਸ਼ਿਵ ਸੈਨਾ ਆਗੂਆਂ ਕੋਲੋਂ ਗੰਨ ਮੈਨ ਵਾਪਸ ਲੈ ਲੈਣੇ ਹੀ ਕਾਫੀ ਨਹੀਂ ਹੈ। ਉਨ੍ਹਾਂ ਕਿਹਾ, “ਉਹ ਭਾਈਚਾਰੇ ਨੂੰ ਹਾਲੇ ਵੀ ਡਰਾ-ਧਮਕਾ ਰਹੇ ਹਨ ਅਤੇ ਮਾਹੌਲ ਖਰਾਬ ਕਰ ਰਹੇ ਹਨ”।
ਦਰਜ ਕੀਤੇ ਕੇਸ ਮੁਤਾਬਕ ਪੁਲਿਸ ਨੇ 8 ਸ਼ਿਵ ਸੈਨਾ ਆਗੂਆਂ ਅਤੇ 40-50 ਅਣਪਛਾਤੇ ਬੰਦਿਆਂ ‘ਤੇ ਵੱਖ-ਵੱਖ ਧਾਰਾਵਾਂ ਹੇਠ ਉਦੋਂ ਪਰਚਾ ਦਰਜ ਕੀਤਾ ਜਦੋਂ ਉਹ ਇੱਟਾਂ-ਰੋੜੇ ਚਲਾਉਂਦਾ ਹੋਏ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਮਸਜਿਦ ‘ਤੇ ਹਮਲਾਵਰ ਹੋਏ ਸਨ।
Related Topics: Hindu Groups, Shiv Sena