January 1, 2019 | By ਸਿੱਖ ਸਿਆਸਤ ਬਿਊਰੋ
ਲੰਡਨ: ਪੰਚ ਪ੍ਰਧਾਨੀ ਯੂ.ਕੇ ਅਤੇ ਸਿੱਖ ਐਜੂਕੇਸ਼ਨ ਕੌਂਸਲ ਵਲੋਂ ਭਾਈ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਪੰਜਾਬ ਹਾਈਕੋਰਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਸਰਦਾਰ ਜਸਪਾਲ ਸਿੰਘ ਜੋ ਕਿ ਐਨਆਈਏ ਵਲੋਂ ਗਿਰਫਤਾਰ ਕੀਤੇ ਗਏ ਜਗਤਾਰ ਸਿੰਘ (ਜੱਗੀ ਜੌਹਲ) ਇੰਗਲੈਂਡ ਨਿਵਾਸੀ ਦੇ ਵਕੀਲ ਹਨ। ਸਰਦਾਰ ਜਸਪਾਲ ਸਿੰਘ ਮੰਝਪੁਰ ਜੀ ਨੇ ਵਿਚਾਰ ਕਰਦਿਆਂ ਹਿੰਦੋਸਤਾਨ ਦੀ ਰਾਜਨੀਤਕ ਅਤੇ ਨਿਆਇਕ ਪ੍ਰਣਾਲੀ ਦੇ ਨਿੱਘਰਦੇ ਹੋਏ ਹਾਲਾਤਾਂ ਬਾਰੇ ਦੱਸਿਆ।
ਇਸ ਖਾਸ ਬੈਠਕ ਵਿੱਚ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿੱਖ ਐਜੂਕੇਸ਼ਨ ਕੌਂਸਲ ਵਲੋਂ ਹੋਰ ਵੀ ਅਨੇਕਾਂ ਨੌਜਵਾਨਾਂ ਨੇ ਭਾਗ ਲਿਆ। ਨੌਜਵਾਨਾਂ ਵਲੋਂ ਪੰਜਾਬ ਅਤੇ ਹਿੰਦੋਸਤਾਨ ਦੀ ਮੌਜੂਦਾ ਰਾਜਨੀਤਿਕ, ਧਾਰਮਿਕ ਅਤੇ ਨਿਆਇਕ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਹਾਲਾਤਾਂ ਨਾਲ ਜੋੜ ਕੇ ਵਕੀਲ ਸਾਹਬ ਨਾਲ ਵਿਚਾਰ ਸਾਂਝੇ ਕੀਤੇ ਗਏ।
ਸਿੱਖ ਵਿਚਾਰਧਾਰਾ ਦੀ ਨੁਮਾਇਦਗੀ ਕਰ ਰਹੀ ਜਥੇਬੰਦੀ ਪੰਚ ਪਰਧਾਨੀ ਯੂ.ਕੇ ਵਲੋਂ ਭਾਈ ਅਮਰਜੀਤ ਸਿੰਘ ਸਮੇਤ ਹੋਰ ਅਨੇਕਾਂ ਕਾਰਕੁੰਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਅੰਤਰਰਾਸ਼ਟਰੀ ਬਦਲਦੇ ਰਾਜਨੀਤਿਕ ਹਾਲਾਤਾਂ ਦਾ ਮੁਲਾਂਕਣ ਕੀਤਾ ਗਿਆ ਤੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਅਤੇ ਸਨਮਾਨ ਕੀਤਾ ਗਿਆ।
Related Topics: Jagtar Singh Johal alias Jaggi (UK), Jaspal Singh Manjhpur (Advocate), Panch Pardhani UK, Sikh Education Council