October 25, 2016 | By ਸਿੱਖ ਸਿਆਸਤ ਬਿਊਰੋ
ਕਵੈਟਾ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੈਟਾ ਸ਼ਹਿਰ ‘ਚ ਪੁਲਿਸ ਟ੍ਰੇਨਿੰਗ ਸੈਂਟਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਜਿਸ ਵਿਚ ਟ੍ਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਜ਼ਿਆਦਾ ਹੋ ਸਕਦੀ ਹੈ ਪਰ ਰਾਤ 11 ਵਜੇ ਹੋਏ ਇਸ ਹਮਲੇ ‘ਚ ਹਾਲੇ ਲਾਸ਼ਾਂ ਗਿਣ ਕੇ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਹਮਲੇ ‘ਚ ਸ਼ਾਮਲ ਤਿੰਨੋ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ।
ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਿਲਹਾਲ 20 ਤੋਂ ਜ਼ਿਆਦਾ ਪੁਲਿਸ ਵਾਲਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ‘ਚ ਕਰੀਬ 106 ਜਵਾਬ ਜ਼ਖਮੀ ਹੋ ਗਏ ਹਨ। ਹਮਲੇ ਦੇ ਜਵਾਬ ‘ਚ ਚੱਲੇ ਆਪਰੇਸ਼ਨ ‘ਚ ਪੁਲਿਸ, ਫਰੰਟੀਅਰ ਕਾਪਰਸ ਅਤੇ ‘ਅੱਤਵਾਦ’ ਵਿਰੋਧੀ ਦਸਤੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਇਹ ਖੁਦਕੁਸ਼ ਹਮਲਾਵਰ ਸੀ ਜਿਨ੍ਹਾਂ ਵਿਚੋਂ ਦੋ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਦਕਿ ਇਕ ਨੂੰ ਗੋਲੀ ਮਾਰ ਦਿੱਤੀ ਗਈ।
ਉਥੇ ਦੂਜੇ ਪਾਸੇ ਆਈ.ਜੀ. ਐਫ.ਸੀ. ਮੇਜਰ ਜਨਰਲ ਸ਼ੇਰ ਅਫਗਾਨ ਨੇ ਦੱਸਿਆ ਕਿ ਹਮਲਾਵਰਾਂ ਦਾ ਸੰਬੰਧ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਝਾਂਗਵੀ ਨਾਲ ਸੀ।
ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਅਫਗਾਨਿਸਤਾਨ ਤੋਂ ਹੁਕਮ ਮਿਲ ਰਹੇ ਸੀ।
ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂਮ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਸ਼ਹਿਰ ਦੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਾਫੀ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ‘ਚੋ ਛਾਲਾਂ ਮਾਰ ਦਿੱਤੀਆਂ ਜਿਸ ਕਰਕੇ ਉਨ੍ਹਾਂ ਨੂੰ ਸੱਟਾਂ ਲੱਗੀਆਂ।
ਪਾਕਿਸਤਾਨ ਦੇ ਚੈਨਲ ਜਿਓ ਮੁਤਾਬਕ ਬਲੋਚਿਸਤਾਨ ਦੇ ਮੁੱਖ ਮੰਤਰੀ ਸਨਾ ਉਲ੍ਹਾ ਜ਼ੇਹਰੀ ਨੇ ਕਿਹਾ ਕਿ ਸ਼ਹਿਰ ‘ਚ ਇੰਤਹਾਪਸੰਦਾਂ ਦੇ ਘੁਸਣ ਦੀ ਖ਼ਬਰ ਮਿਲ ਗਈ ਸੀ ਅਤੇ ਸ਼ਹਿਰ ‘ਚ ਹਾਈ ਅਲਰਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਤੋਂ 15 ਕਿਲੋਮੀਟਰ ਦੂਰ ਪੁਲਿਸ ਟ੍ਰੇਨਿੰਗ ਕਾਲਜ ਦਾ ਇਹ ਹਾਸਟਲ 200-250 ਏਕੜ ‘ਚ ਫੈਲਿਆ ਹੋਇਆ ਹੈ।
ਕਵੈਟਾ ‘ਚ ਅਗਸਤ ਮਹੀਨੇ ਵਿਚ ਵੀ ਇਕ ਹਸਪਤਾਲ ਅਤੇ ਵਕੀਲਾਂ ‘ਤੇ ਹੋਏ ਹਮਲੇ ‘ਚ 88 ਲੋਕਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਨੇੜੇ ਪਾਕਿਸਤਾਨੀ ਫੌਜ ਕਬਾਇਲੀ ਇਲਾਕਿਆਂ ‘ਚ ਇੰਤਹਾਪਸੰਦਾਂ ਦੇ ਖਿਲਾਫ ਆਪਰੇਸ਼ਨ ਚਲਾ ਰਹੀ ਹੈ।
Related Topics: Balochistan, Lashkar e Jhangvi, Pakisatan, Pakistan Army, Quetta