October 2, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਜਦੋਂ ਚੰਡੀਗੜ੍ਹ ਸ਼ਹਿਰ ਵਸਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਉੱਜੜੇ ਲੋਕਾਂ ਨੂੰ ਸਿਰਫ ਇਹੀ ਹੌਂਸਲਾ ਸੀ ਕਿ ਸਾਡੀਆਂ ਜ਼ਮੀਨਾਂ ‘ਤੇ ਸਾਡੇ ਪੰਜਾਬ ਦੀ ਰਾਜਧਾਨੀ ਉਸਰ ਰਹੀ ਹੈ। ਪਰ ਇਹ ਪੰਜਾਬੀ ਲੋਕ ਘਰੋਂ ਬੇਘਰ ਵੀ ਹੋਏ, ਬੇਜ਼ਮੀਨੇ ਵੀ ਹੋਏ ਤੇ ਪੱਲੇ ਰਾਜਧਾਨੀ ਵੀ ਨਹੀਂ ਪਈ। ਉਸ ਸਮੇਂ ਤੋਂ ਅੱਜ ਤਕ ਇਹ ਲੋਕ ਚੰਡੀਗੜ੍ਹ ‘ਤੇ ਆਪਣੇ ਦਾਅਵੇ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਤੇ ਹੁਣ ਜਦੋਂ ਭਾਰਤ ਦੀ ਕੇਂਦਰੀ ਹਕੂਮਤ ਇਨ੍ਹਾਂ ਲੋਕਾਂ ਦੀਆਂ ਹੱਕੀ ਮੰਗਾਂ ਦਾ ਮਜ਼ਾਕ ਬਣਾ ਰਹੀ ਹੈ ਤਾਂ ਇਨ੍ਹਾਂ ਲੋਕਾਂ ਨੇ 1 ਨਵੰਬਰ ਨੂੰ ਆਉਣ ਵਾਲੇ ਚੰਡੀਗੜ੍ਹ ਸਥਾਪਨਾ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫੈਂਸਲਾ ਕੀਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਅਤੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਕੋਲੋਂ ਮਿਲੇ ਲਾਰਿਆਂ ਤੇ ਝੂਠੇ ਵਾਅਦਿਆਂ ਅਤੇ ਮਾਂ ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਰੋਸ ਵਜੋਂ ਚੰਡੀਗੜ੍ਹ ਪੰਜਾਬੀ ਮੰਚ ਸਮੂਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ 1 ਨਵੰਬਰ ਦਾ ਦਿਨ (ਚੰਡੀਗੜ੍ਹ ਦਾ ਸਥਾਪਨਾ ਦਿਹਾੜਾ) ਕਾਲੇ ਦਿਨ ਵਜੋਂ ਮਨਾਏਗਾ। ਇਸ ਤਹਿਤ ਸੈਕਟਰਾਂ, ਗੁਰਦੁਆਰਿਆਂ ਤੇ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ। ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਅੱਜ ਇਥੇ ਪਿੰਡ ਖੁੱਡਾ ਜੱਸੂ, ਲਹੌਰਾ, ਡੱਡੂਮਾਜਰਾ ਅਤੇ ਬਡਹੇੜੀ ਵਿਚ ਲੜੀਵਾਰ ਹੋਈਆਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਸਮੂਹ ਪਿੰਡਾਂ ਨੇ ਐਲਾਨ ਕੀਤਾ ਕਿ 1 ਨਵੰਬਰ ਨੂੰ ਕੱਢੀ ਜਾਣ ਵਾਲੀ ਰੋਸ ਰੈਲੀ ਵਿੱਚ ਉਹ ਦੋ-ਦੋ ਬੱਸਾਂ ਭਰ ਕੇ ਲਿਆਉਣਗੇ।
ਪਿੰਡ ਖੁੱਡਾ ਜੱਸੂ ਤੇ ਲਹੌਰਾ ਵਿੱਚ ਮੀਟਿੰਗ ਦਾ ਪ੍ਰਬੰਧ ਬਾਬਾ ਬਲਦੇਵ ਸਿੰਘ ਅਤੇ ਪੰਚ ਪ੍ਰੀਤਮ ਪਾਲ ਸਿੰਘ ਨੇ ਕੀਤਾ। ਮੀਟਿੰਗ ਵਿੱਚ ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਿੱਸਾ ਲਿਆ। ਪਿੰਡ ਬਡਹੇੜੀ ਵਿਚ ਜੁਝਾਰ ਸਿੰਘ ਬਡਹੇੜੀ, ਰਘਬੀਰ ਸਿੰਘ ਰਾਮਪੁਰ, ਦੇਵੀ ਦਿਆਲ ਸ਼ਰਮਾ ਤੇ ਡੱਡੂਮਾਜਰਾ ਦੀ ਬੈਠਕ ਵਿਚ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜੋਗਿੰਦਰ ਸਿੰਘ ਬੁੜੈਲ, ਬਾਬਾ ਸਾਧੂ ਸਿੰਘ ਸਾਰੰਗਪੁਰ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਹਾਜ਼ਰੀ ਭਰੀ।
Related Topics: Chandigarh Notification, Chandigarh Punjab Journalists association, Punjabi Language in Chandigarh