June 26, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 29 ਮਾਰਚ, 2012 ਨੂੰ ਵਾਪਰੇ ਗੁਰਦਾਸਪੁਰ ਗੋਲੀਕਾਂਡ ਜਿਸ ਵਿੱਚ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ (ਚੌੜਸਿਧਵਾਂ) ਨੂੰ ਪੰਜਾਬ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਕ ਹੋਰ ਸਿੱਖ ਨੌਜਵਾਨ ਰਣਜੀਤ ਸਿੰਘ ਜਖਮੀ ਹੋ ਗਿਆ ਸੀ ਬਾਰੇ ਸਿੱਖ ਸਿਆਸਤ ਵੱਲੋਂ 2 ਸਾਲ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਦਸਤਾਵੇਜ਼ੀ ਬੀਤੇ ਦਿਨੀਂ ਜਾਰੀ ਕਰ ਦਿੱਤੀ ਗਈ।
ਇਸ ਦਸਤਾਵੇਜ਼ੀ ਨੂੰ ਜਾਰੀ ਕਰਨ ਮੌਕੇ ਸਿੱਖ ਸਿਆਸਤ ਦੇ ਸੰਪਾਦਕ ਅਤੇ ਦਸਤਾਵੇਜ਼ੀ ਦੇ ਨਿਰਦੇਸ਼ਕ ਪਰਮਜੀਤ ਸਿੰਘ ਨੇ ਕਿਹਾ ਕਿ ਕੁਝ ਘਟਨਾਵਾਂ ਵੱਖ-ਵੱਖ ਸਮੇਂ ਵਾਪਰੀਆਂ ਹੋਣ ਦੇ ਬਾਵਜੂਦ ਵੀ ਇਕ ਦੂਜੇ ਨਾਲ ਅਜਿਹੇ ਪੀਡੇ ਰੂਪ ਵਿੱਚ ਜੁੜੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਇਕ ਦੂਜੇ ਦੇ ਸੰਧਰਭ ਵਿੱਚ ਰੱਖ ਕੇ ਹੀ ਬਿਹਤਰ ਸਮਝਿਆ ਜਾ ਸਕਦਾ ਹੈ। 29 ਮਾਰਚ, 2012 ਨੂੰ ਗੁਰਦਾਸਪੁਰ ਵਿੱਚ ਵਾਪਰਿਆ ਗੋਲੀਕਾਂਡ ਜਿਸ ਵਿਚ ਭਾਈ ਜਸਪਾਲ ਸਿੰਘ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਇਕ ਅਜਿਹੀ ਘਟਨਾ ਹੈ ਜੋ ਪੰਜਾਬ ਵਿੱਚ ਵਾਪਰੇ ਮਨੁੱਖੀ ਹੱਕਾਂ ਦੇ ਘਾਣ ਦੇ ਬਹੁਪਰਤੀ ਵਰਤਾਰੇ ਦੀ ਮੌਜੂਦਾ ਸਮੇਂ ਵਿੱਚ ਗਵਾਹੀ ਬਣ ਕੇ ਉੱਭਰੀ ਹੈ ਕਿ: ਪੰਜਾਬ ਵਿੱਚ ਮਨੁੱਖੀ ਹੱਕਾਂ ਦੇ ਘਾਣ ਦਾ ਮਸਲਾ ਡੂੰਘੇ ਰੂਪ ਵਿੱਚ ਸਿੱਖਾਂ ਤੇ ਪੰਜਾਬ ਦੇ ਸਿਆਸੀ ਸਵਾਲ ਨਾਲ ਜੁੜਿਆ ਹੋਇਆ ਹੈ; ਦੂਜਾ, ਸਿਆਸੀ ਸਵਾਲ ਦੇ ਹੱਲ ਲਈ ਉੱਠਣ ਵਾਲੇ ਉਭਾਰ ਨੂੰ ਦਬਾਉਣ ਵਿੱਚ ਸਟੇਟ ਦਾ ਪੂਰਾ ਢਾਂਚਾ, ਸਮੇਤ ਨਿਆਂਪਾਲਕਾ ਦੇ, ਇਕ ਮਤ ਹੋ ਖੜ੍ਹਦਾ ਹੈ ਤੇ ਘਾਣ ਦੇ ਦੋਸ਼ੀਆਂ ਦੀ ਹਰ ਪੱਧਰ ‘ਤੇ ਪੁਸ਼ਤਪਨਾਹੀ ਕੀਤੀ ਜਾਂਦੀ ਹੈ ਅਤੇ ਤੀਜਾ, ਕਿ ਇਹ ਕੋਈ ਬੀਤੇ ਦੀ ਗੱਲ ਨਹੀਂ ਹੈ ਅਜਿਹਾ ਅੱਜ ਵੀ ਵਾਪਰ ਰਿਹਾ ਹੈ।
“ਬੇਇਨਸਾਫੀ ਦੀ ਦਾਸਤਾਨ” (OUTJUSTICED 2) ਨਾਮੀ ਇਸ ਦਸਤਾਵੇਜ਼ੀ ਭਾਈ ਜਸਪਾਲ ਸਿੰਘ ਦੇ ਪਰਵਾਰ ਅਤੇ ਗੋਲੀਕਾਂਡ ਸਮੇਂ ਮੌਜੂਦ ਚਸ਼ਮਦੀਦ ਗਵਾਹਾਂ ਦੇ ਬਿਆਨਾਂ, ਘਟਨਾ ਦੇ ਵੀਡੀਓ ਸਬੂਤਾਂ, ਵਕੀਲਾਂ ਅਤੇ ਕਾਨੂੰਨੀ ਮਹਿਰਾਂ ਦੇ ਬਿਆਨਾਂ ਤੇ ਰਾਵਾਂ ਅਤੇ ਵਿਦਾਵਾਨਾਂ ਤੇ ਇਤਿਹਾਸ/ਰਾਜਨੀਤੀ ਦੇ ਵਿਸ਼ਲੇਸ਼ਕਾਂ ਨਾਲ ਕੀਤੀ ਗਈ ਗੱਲਬਾਤ ਰਾਹੀਂ ਨਾ ਸਿਰਫ ਗੁਰਦਾਸਪੁਰ ਗੋਲੀਕਾਂਡ ਦੇ ਘਟਨਾਕ੍ਰਮ ਅਤੇ ਇਸ ਮਾਮਲੇ ਵਿੱਚ ਹੋਈ ਬੇਇਨਸਾਫੀ ਨੂੰ ਬਿਆਨ ਕਰਦੀ ਹੈ ਬਲਕਿ ਘਟਨਾ ਤੋਂ ਸ਼ੁਰੂ ਹੋ ਕਿ ਬੀਤੇ ਦੇ ਅਤੇ ਅੱਜ ਦੇ ਅਹਿਮ ਵਰਤਾਰਿਆਂ ਬਾਰੇ ਵੀ ਚਰਚਾ ਕਰਦੀ ਹੈ।
ਦਸਤਾਵੇਜ਼ੀ ਵਿੱਚ ਦਰਸਾਇਆ ਗਿਆ ਹੈ ਕਿ ਭਾਈ ਜਸਪਾਲ ਸਿੰਘ ਦਾ ਕਤਲ ਕੇਸ ਬੀਤੇ 5 ਸਾਲਾਂ ਦੌਰਾਨ ਕਈ ਉਤਰਾਵਾਂ-ਚੜ੍ਹਾਵਾਂ ਵਿਚੋਂ ਲੰਘਿਆ ਹੈ। ਪਹਿਲਾਂ ਪੁਲਿਸ ਨੇ ਕਿਹਾ ਕਿ ਉਸ ਨੇ ਗੋਲੀ ਚਲਾਈ ਹੀ ਨਹੀਂ ਅਤੇ ਭਾਈ ਜਸਪਾਲ ਸਿੰਘ ਦੇ ਜੋ ਗੋਲੀ ਲੱਗੀ ਹੈ ਉਹ ਕਿਸੇ ਸਿੱਖ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਹੋ ਸਕਦੀ ਹੈ। ਫਿਰ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਏ. ਕੇ. ਸੰਤਾਲੀਆਂ ਦੀ ਜਾਂਚ ਕਰਵਾਓ ਤਾਂ ਜਿਸ ਬੰਦੂਕ ਵਿੱਚੋਂ ਗੋਲੀ ਚੱਲੀ ਸੀ ਉਸ ਨੂੰ ਕੰਡਮ ਦੱਸ ਕੇ ਜਾਂਚ ਲਈ ਹੀ ਨਹੀਂ ਭੇਜਿਆ। ਫਿਰ ਮੁੜ ਜਾਂਚ ਹੋਈ ਤਾਂ ਏ. ਕੇ. 47 ਦੀ ਸ਼ਨਾਖਤ ਹੋ ਗਈ ਕਿ ਇਹ ਪੁਲਿਸ ਦੀ ਹੀ ਬੰਦੂਕ ਹੈ ਤੇ ਉਸ ਦਿਨ ਇਹ ਬੰਦੂਕ ਵਿਜੈ ਕੁਮਾਰ ਨਾਮੀ ਸਿਪਾਹੀ ਕੋਲ ਸੀ ਤੇ ਇਸੇ ਵਿਚੋਂ ਚੱਲੀ ਗੋਲੀ ਨਾਲ ਭਾਈ ਜਸਪਾਲ ਸਿੰਘ ਦੀ ਮੌਤ ਹੋਈ ਹੈ। ਪਰ ਸਭ ਕਾਸੇ ਦਾ ਅੰਤਮ ਨਤੀਜਾ ਇਹ ਹੈ ਕਿ ਸਰਕਾਰ ਤੇ ਪੁਲਿਸ ਮੁਤਾਬਕ ਦੋਸ਼ੀ ਕੋਈ ਵੀ ਨਹੀਂ ਹੈ ਤੇ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਦਸਤਾਵੇਜ਼ੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੀ ਹੈ ਕਿ ਅਜਿਹਾ ਕਿਉਂ ਵਾਪਰਿਆ? ਕੀ ਗੱਲ ਸਿਰਫ ਇਕ ਸਮਲੇ ਤੱਕ ਹੀ ਸੀਮਤ ਹੈ? ਕੀ ਅਦਾਲਤਾਂ ਵਿੱਚ ਸੱਚ ਸਾਹਮਣੇ ਨਹੀਂ ਆਇਆ ਜਾਂ ਫਿਰ ਅਦਾਲਤਾਂ ਨੇ ਅੱਖਾਂ ਮੀਚ ਲੱਈਆਂ ਤੇ ਜੇ ਅੱਖਾਂ ਮੀਚੀਆਂ ਤਾਂ ਆਖਿਰ ਕਿਉਂ?
ਦਸਤਾਵੇਜ਼ੀ ਦੇ ਨਿਰਦੇਸ਼ਕ ਪਰਮਜੀਤ ਸਿੰਘ ਨੇ ਕਿਹਾ ਕਿ 29 ਮਾਰਚ, 2012 ਦੇ ਗੋਲੀਕਾਂਡ ਜਿਸ ਵਿੱਚ ਪੁਲਿਸ ਦੀ ਗੋਲੀ ਨਾਲ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਗੁਰਦਾਸਪੁਰ ਦੀ ਮੌਤ ਹੋ ਗਈ ਸੀ, ਦੀ ਤੰਦ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਜ਼ਾ ਦੇਣ ਦੇ ਵਾਕੇ ਨਾਲ ਵੀ ਜੁੜਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰਦਾਸਪੁਰ ਗੋਲੀਕਾਂਡ ਦੀ ਘਟਨਾ ਉੱਤੇ ਕੰਮ ਸ਼ੁਰੂ ਕੀਤਾ ਤੇ ਇਸ ਘਟਨਾ ਨੂੰ ਕੁਝ ‘ਨਿਰਪੱਖ’ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮਨ ਵਿੱਚ ਇਹ ਸਵਾਲ ਆਇਆ ਕਿ ਸਿੱਖ ਇੰਨੀ ਵੱਡੀ ਗਿਣਤੀ ਵਿੱਚ ਇਕ ‘ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਵਾਲਿਆਂ’ ਦੇ ਪੱਖ ਵਿੱਚ ਕਿਉਂ ਖੜ੍ਹ ਰਹੇ ਹਨ? ਉਨ੍ਹਾਂ ਕਿਹਾ ਕਿ ਵੈਸੇ ਤਾਂ ਬੇਅੰਤ ਕਾਂਡ ਦੀ ਵਾਜ਼ਬੀਅਤ ਸਿੱਖਾਂ ਦੇ ਮਨ ਵਿੱਚ ਮੌਜੂਦ ਹੈ ਤੇ ਇਹੀ ਕਾਰਨ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤ ਵੱਲੋਂ ਫਾਂਸੀ ਦੇਣ ਦੇ ਫੈਸਲੇ ਦਾ ਦੁਨੀਆ ਭਰ ਦੇ ਸਿੱਖਾਂ ਨੇ ਵਿਰੋਧ ਕੀਤਾ ਸੀ ਤੇ ਅਸੀਂ ਇਸ ਪੱਖ ਨੂੰ ਵੀ ਇਸ ਦਸਤਾਵੇਜ਼ੀ ਰਾਹੀਂ ਦੁਨੀਆਂ ਦੇ ਸਨਮੁਖ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਇਹ ਦਸਤਾਵੇਜ਼ੀ 3 ਸਤੰਬਰ, 2016 ਨੂੰ ਚੋਣਵੇਂ ਦਰਸ਼ਕਾਂ ਲਈ ਚੰਡੀਗੜ੍ਹ ਵਿਖੇ ਵਿਖਾਈ ਗਈ ਸੀ ਤੇ ਨੌਜਵਾਨੀ ਅਦਾਰੇ ਵੱਲੋਂ ਇੰਗਲੈਂਡ ਵਿੱਚ ਯੂਨੀਵਰਸਿਟੀਆਂ/ਕਾਲਜਾਂ ਸਮੇਤ ਕੁੱਲ 13 ਥਾਵਾਂ ‘ਤੇ ਵਿਖਾਈ ਗਈ ਹੈ। 29 ਅਤੇ 30 ਅਪ੍ਰੈਲ ਨੂੰ ਇਹ ਦਸਤਾਵੇਜ਼ੀ ਬੰਗਲੌਰ ਵਿਖੇ ਵਿਖਾਈ ਗਈ ਸੀ।
ਦਸਤਾਵੇਜ਼ੀ ਲੰਘੀ 17 ਜੂਨ ਨੂੰ ਸਿੱਖ ਸਿਆਸਤ ਉੱਤੇ ਜਾਰੀ ਕੀਤੀ ਗਈ ਹੈ ਜਿੱਥੇ ਦਰਸ਼ਕ ਕੁਝ ਭੇਟਾ ਅਦਾ ਕਰਕੇ ਇਸ ਨੂੰ ਯੂ-ਟਿਊਬ (www.youtube.com/sikhsiyasat) ਰਾਹੀਂ ਵੇਖ ਸਕਦੇ ਹਨ। ਸਿੱਖ ਸਿਆਸਤ ਨੇ ਐਲਾਨ ਕੀਤਾ ਹੈ ਕਿ ਇਸ ਦਸਤਾਵੇਜ਼ੀ ਰਾਹੀਂ ਦਰਸ਼ਕਾਂ ਕੋਲੋਂ ਇਕੱਤਰ ਭੇਟਾ ਨੂੰ ਇਸ ਲੜੀ ਦੀ ਅਗਲੀ ਦਸਤਾਵੇਜ਼ੀ ਬਣਾਉਣ ਲਈ ਵਰਤਿਆ ਜਾਵੇਗਾ।
ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਲੜੀ ਦੀ ਪਹਿਲੀ ਦਸਤਾਵੇਜ਼ੀ ਸਿੱਖ ਸਿਆਸਤ ਵੱਲੋਂ 2014 ਵਿੱਚ ਤਿਆਰ ਕੀਤੀ ਗਈ ਸੀ, ਜਿਸ ਨੂੰ ਸਿੱਖ ਸਿਆਸਤ ਦੇ ਯੂ-ਟਿਊਬ ਰਾਹੀਂ ਬਿਨਾ ਭੇਟਾ ਵੇਖਿਆ ਜਾ ਸਕਦਾ ਹੈ।
ਜੇਕਰ ਤੁਹਨੂੰ ਦਸਤਾਵੇਜ਼ੀ ਦਾ ਖਰਚ ਅਦਾ ਕਰਨ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਇਹ ਵੀਡੀਓ ਵੇਖੋ
Related Topics: Gurdaspur Incident, OutJusticed - the untold story, OutJusticed 2, Shaheed Bhai Jaspal Singh Gurdaspur