October 22, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਆਵਾਜ਼-ਏ-ਪੰਜਾਬ ਵੱਲੋਂ ਸਿਆਸੀ ਗੱਠਜੋੜ ਬਾਰੇ ਅਜੇ ਵੀ ਪੱਤੇ ਨਾ ਖੋਲ੍ਹਣ ਕਾਰਨ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਦਿੱਲੀ ਵਿੱਚ ਕੱਲ੍ਹ ਆਵਾਜ਼-ਏ-ਪੰਜਾਬ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨੇ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਵਿਚਾਰੀ।
ਇਸ ਬਾਰੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਬਾਦਲਾਂ ਦੀ ਲੁੱਟ-ਖਸੁੱਟ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਆਵਾਜ਼-ਏ-ਪੰਜਾਬ ਅਗਲੀ ਰਣਨੀਤੀ ਦੱਸੇਗੀ। ਬਿਨਾਂ ਸ਼ਰਤ ਨਾ ਤਾਂ ਕਾਂਗਰਸ ਨਾਲ ਅਤੇ ਨਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਹੋਵੇਗਾ, ਸਗੋਂ ਪੰਜਾਬ ਦੇ ਵਿਕਾਸ ਤੇ ਲੋਕਾਂ ਦੇ ਹਿੱਤਾਂ ਨਾਲ ਜੁੜੀਆਂ ਸ਼ਰਤਾਂ ਤਹਿਤ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਤੇ ਕਾਂਗਰਸ ਨਾਲ ਬਰਾਬਰ ਗੱਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਵਧੀਆ ਰਹੀ ਤੇ ਸਿੱਧੂ ਨੇ ਦੋਵਾਂ ਧਿਰਾਂ ਬਾਰੇ ਸਭ ਪੱਖ ਪੇਸ਼ ਕੀਤੇ ਹਨ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਰਾਹੁਲ ਗਾਂਧੀ ਨੂੰ ਮਿਲੇ ਤੇ ਉਨ੍ਹਾਂ ਹਾਈ ਕਮਾਂਡ ਨਾਲ ਪੰਜਾਬ ਦੇ ਮਸਲਿਆਂ ‘ਤੇ ਚਰਚਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਉਧਰ ਕਾਂਗਰਸ ਨੇ ਕਿਹਾ ਕਿ ਸਿੱਧੂ ਦਾ ਕਾਂਗਰਸ ਵਿੱਚ ਆਉਣ ‘ਤੇ ਸਵਾਗਤ ਹੈ। ਕਾਂਗਰਸ ਦੇ ਬੁਲਾਰੇ ਅਜੌਏ ਕੁਮਾਰ ਨੇ ਕਿਹਾ ਕਿ ਇਹ ਫੈਸਲਾ ਸਿੱਧੂ ‘ਤੇ ਨਿਰਭਰ ਕਰੇਗਾ।
Related Topics: Awaaz-e-Punjab Party, Bains Brothers, Congress Government in Punjab 2017-2022, navjot singh sidhu, Pargat Singh, Punjab Politics, Punjab Polls 2017